ਵਿਆਹੇ ਅਫਸਰ ਨਾਲ Love Hotel ਜਾਂਦੀ ਫੜ੍ਹੀ ਗਈ ਮੇਅਰ ਸਾਹਿਬਾ, ਬੋਲੀ-''ਅਸੀਂ ਤਾਂ ਸਿਰਫ ਚਰਚਾ...!''
Wednesday, Dec 17, 2025 - 04:31 PM (IST)
ਟੋਕੀਓ : ਅਕਸਰ ਜਦੋਂ ਵੱਡੇ ਅਹੁਦਿਆਂ ਉੱਤੇ ਬੈਠੇ ਲੋਕ ਕਿਸੇ ਵਿਵਾਦ ਵਿਚ ਫਸਦੇ ਹਨ ਤਾਂ ਉਸ ਦਾ ਅਸਰ ਉਨ੍ਹਾਂ ਦੇ ਕੰਮ ਤੇ ਸ਼ਹਿਰ ਦੀ ਸਾਖ ਉੱਤੇ ਪੈਂਦਾ ਹੈ। ਜਾਪਾਨ ਦੇ ਮਾਏਬਾਸ਼ੀ ਸ਼ਹਿਰ ਵਿਚ ਵੀ ਕੁਝ ਅਜਿਹਾ ਹੀ ਹੋਇਆ ਜਦੋਂ ਇਕ ਮਹਿਲਾ ਮੇਅਰ ਨੂੰ ਆਪਣੇ ਨਿੱਜੀ ਵਿਵਹਾਰ ਲਈ ਅਹੁਦਾ ਛੱਡਣਾ ਪਿਆ। ਜਾਪਾਨ ਦੇ ਮਾਏਬਾਸ਼ੀ ਸ਼ਹਿਰ ਦੀ ਮੇਅਰ ਅਕੀਰਾ ਓਗਾਵਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ 'ਤੇ ਇੱਕ ਸ਼ਾਦੀਸ਼ੁਦਾ ਅਧਿਕਾਰੀ ਦੇ ਨਾਲ 10 ਤੋਂ ਵੱਧ ਵਾਰ ਜਾਪਾਨ ਦੇ 'ਲਵ ਹੋਟਲ' ਵਿੱਚ ਜਾਣ ਦੇ ਗੰਭੀਰ ਦੋਸ਼ ਲੱਗੇ ਸਨ।
ਵਿਰੋਧ ਮਗਰੋਂ ਅਸਤੀਫ਼ਾ
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ 'ਚ ਵੱਡਾ ਹੰਗਾਮਾ ਮਚ ਗਿਆ। ਓਗਾਵਾ ਨੇ ਲੰਬੇ ਸਮੇਂ ਤੱਕ ਖੁਦ 'ਤੇ ਲੱਗੇ ਇਨ੍ਹਾਂ ਦੋਸ਼ਾਂ ਨੂੰ ਗਲਤ ਦੱਸਿਆ ਸੀ, ਪਰ 'ਹੋਟਲ ਕਾਂਡ' ਨੂੰ ਲੈ ਕੇ ਜਨਤਾ ਅਤੇ ਪਾਰਸ਼ਦਾਂ ਦਾ ਗੁੱਸਾ ਇੰਨਾ ਵਧ ਗਿਆ ਕਿ ਉਨ੍ਹਾਂ ਨੂੰ ਆਪਣੀ ਕੁਰਸੀ ਛੱਡਣੀ ਪਈ। ਮੇਅਰ ਨੇ 25 ਨਵੰਬਰ ਨੂੰ ਅਸਤੀਫ਼ਾ ਦਿੱਤਾ, ਜਿਸ ਨੂੰ 27 ਨਵੰਬਰ ਨੂੰ ਮਨਜ਼ੂਰ ਕਰ ਲਿਆ ਗਿਆ।
ਸਿਰਫ 'ਚਰਚਾ' ਲਈ ਜਾਂਦੇ ਸੀ
ਇਹ ਪੂਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਓਗਾਵਾ ਨੇ ਖੁਦ ਇਹ ਗੱਲ ਮੰਨੀ ਕਿ ਉਹ ਫਰਵਰੀ ਤੋਂ ਹੁਣ ਤੱਕ ਇੱਕ ਸ਼ਾਦੀਸ਼ੁਦਾ ਸੀਨੀਅਰ ਅਧਿਕਾਰੀ ਦੇ ਨਾਲ 10 ਤੋਂ ਵੱਧ ਵਾਰ ਹੋਟਲ ਜਾ ਚੁੱਕੀ ਹੈ। ਹਾਲਾਂਕਿ, ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਿਚਾਲੇ ਕੋਈ ਗਲਤ ਰਿਸ਼ਤਾ ਨਹੀਂ ਸੀ। ਮੇਅਰ ਦੇ ਅਨੁਸਾਰ, ਉਹ ਹੋਟਲ ਵਿੱਚ ਸਿਰਫ ਆਪਣੀਆਂ ਨਿੱਜੀ ਅਤੇ ਦਫ਼ਤਰੀ ਸਮੱਸਿਆਵਾਂ 'ਤੇ ਚਰਚਾ ਕਰਨ ਲਈ ਜਾਂਦੇ ਸਨ।
ਲੋਕਾਂ ਦਾ ਗੁੱਸਾ ਤੇ ਸਿਆਸੀ ਦਬਾਅ
ਮੇਅਰ ਦੀ ਇਸ ਦਲੀਲ ਤੋਂ ਸ਼ਹਿਰ ਦੇ ਲੋਕ ਬਿਲਕੁਲ ਵੀ ਖੁਸ਼ ਨਹੀਂ ਹੋਏ ਅਤੇ ਉਨ੍ਹਾਂ ਖਿਲਾਫ਼ ਸ਼ਿਕਾਇਤਾਂ ਦਾ ਢੇਰ ਲੱਗ ਗਿਆ। ਸਿਆਸੀ ਤੌਰ 'ਤੇ ਵੀ ਓਗਾਵਾ 'ਤੇ ਕਾਫੀ ਦਬਾਅ ਸੀ ਅਤੇ ਸੱਤ ਵੱਖ-ਵੱਖ ਗਰੁੱਪਾਂ ਨੇ ਉਨ੍ਹਾਂ ਤੋਂ ਅਸਤੀਫ਼ਾ ਮੰਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਮੇਅਰ ਦੀਆਂ ਇਨ੍ਹਾਂ ਹਰਕਤਾਂ ਕਾਰਨ ਸ਼ਹਿਰ ਦੀ ਇੱਜ਼ਤ ਖਰਾਬ ਹੋਈ ਹੈ। ਇਸ ਵਿਵਾਦ ਕਾਰਨ ਸ਼ਹਿਰ ਦੇ ਕੰਮਕਾਜ 'ਤੇ ਬਹੁਤ ਬੁਰਾ ਅਸਰ ਪਿਆ, ਜਿਸ ਦੌਰਾਨ ਪ੍ਰਸ਼ਾਸਨ ਕੋਲ ਜਨਤਾ ਦੇ 10,000 ਤੋਂ ਵੱਧ ਫੋਨ ਕਾਲ ਆਏ। ਜਦੋਂ ਨਗਰ ਪ੍ਰੀਸ਼ਦ ਨੇ ਉਨ੍ਹਾਂ ਖਿਲਾਫ਼ ਅਵਿਸ਼ਵਾਸ ਪ੍ਰਸਤਾਵ (ਹਟਾਉਣ ਦਾ ਪ੍ਰਸਤਾਵ) ਲਿਆਉਣ ਦੀ ਤਿਆਰੀ ਕੀਤੀ ਤਾਂ ਓਗਾਵਾ ਨੇ ਅਸਤੀਫ਼ਾ ਦੇਣਾ ਠੀਕ ਸਮਝਿਆ।
ਮੇਅਰ ਨੇ ਜਤਾਇਆ ਅਫ਼ਸੋਸ
ਅਸਤੀਫ਼ਾ ਦੇਣ ਤੋਂ ਬਾਅਦ, ਓਗਾਵਾ ਨੇ ਸੋਸ਼ਲ ਮੀਡੀਆ 'ਤੇ ਅਫਸੋਸ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਗਲਤਫਹਿਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿੱਚ ਨਾਕਾਮ ਰਹੀ ਅਤੇ ਭਵਿੱਖ 'ਚ ਜਨਤਾ ਦਾ ਭਰੋਸਾ ਬਹਾਲ ਕਰਨ ਲਈ ਪੂਰੀ ਤਾਕਤ ਨਾਲ ਕੰਮ ਕਰਨ ਦਾ ਵਾਅਦਾ ਕੀਤਾ। ਹਾਲਾਂਕਿ, ਉਨ੍ਹਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਆਉਣ ਵਾਲੀਆਂ ਚੋਣਾਂ 'ਚ ਦੁਬਾਰਾ ਖੜ੍ਹੀ ਹੋ ਸਕਦੀ ਹੈ।
