ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਨੇ ਸੰਘੇੜਾ ਦੇ ਸਰਕਾਰ ਪੱਖੀ ਬਿਆਨਾਂ ਦੀ ਕੀਤੀ ਜ਼ੋਰਦਾਰ ਨਿਖੇਧੀ

Tuesday, Aug 01, 2023 - 05:37 PM (IST)

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਨੇ ਸੰਘੇੜਾ ਦੇ ਸਰਕਾਰ ਪੱਖੀ ਬਿਆਨਾਂ ਦੀ ਕੀਤੀ ਜ਼ੋਰਦਾਰ ਨਿਖੇਧੀ

ਲੰਡਨ (ਸਰਬਜੀਤ ਸਿੰਘ ਬਨੂੜ)- ਸਾਬਕਾ ਖਾਲਿਸਤਾਨ ਆਗੂ ਅਵਤਾਰ ਸਿੰਘ ਸੰਘੇੜਾ ਦੀ ਭਾਰਤ ਫੇਰੀ ਤੇ ਮੁੱਖ ਧਾਰਾ ਵਿੱਚ ਮੁੜਨ ਅਤੇ ਪੰਜਾਬ ਵਿਚਾਲੇ ਖੁਸ਼ਹਾਲ ਹਾਲਤ ਨੂੰ ਬਿਆਨ ਕਰਦੇ ਬਿਆਨਾਂ ਤੋਂ ਬਾਅਦ ਵਿਦੇਸ਼ਾਂ ਵਿੱਚ ਵਿਚਰਦੀਆਂ ਖਾਲਿਸਤਾਨ ਸਿੱਖ ਜਥੇਬੰਦੀਆਂ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ। ਸਿੱਖ ਜ਼ਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਨੇਸ਼ਨਜ਼ ਯੂ.ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਜਾਰੀ ਪ੍ਰੈੱਸ ਰਿਲੀਜ਼ ਵਿੱਚ ਪਿਛਲੇ ਦਿਨੀਂ ਲੰਮੇ ਸਮੇਂ ਬਾਅਦ ਖਾੜਕੂ ਜਥੇਬੰਦੀ ਦੇ ਸਾਬਕਾ ਆਗੂ ਅਤੇ ਸਾਬਕਾ ਖਾਲਿਸਤਾਨੀ ਅਵਤਾਰ ਸਿੰਘ ਸੰਘੇੜਾ ਵਲੋਂ ਭਾਰਤ ਵਾਪਸੀ ਮੌਕੇ ਪ੍ਰਗਟਾਏ ਗਏ ਸਰਕਾਰ ਪੱਖੀ ਵਿਚਾਰਾਂ ਨੂੰ ਮੁੱਢੋਂ ਰੱਦ ਕਰਦਿਆਂ ਇਸ ਦੀ ਸਖਤ ਨਿਖੇਧੀ ਕੀਤੀ ਗਈ ਹੈ।

ਅਤੇ ਨਾਲ ਹੀ ਸਿੱਖ ਸੰਗਤ ਨੂੰ ਇਹੋ ਜਿਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਆਖਿਆ ਗਿਆ ਕਿ ਕਿਸੇ ਵਿਅਕਤੀ ਵਿਸ਼ੇਸ ਜਾਂ ਵਿਅਕਤੀਆਂ ਦੇ ਯੂ-ਟਰਨ ਲੈਣ ਨਾਲ, ਖਾਲਿਸਤਾਨੀ ਤੋਂ ਰਾਸਟਰਵਾਦੀ ਭਗਤ (ਭਾਰਤੀ) ਬਨਣ ਨਾਲ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਵੱਖ ਵੱਖ ਸਟੇਜਾਂ ਤੋ ਕੀਤੇ ਗਏ ਭਾਰਤ ਵਿਰੋਧੀ ਅਤੇ ਖਾਲਿਸਤਾਨ ਤੇ ਖਾੜਕੂ ਪੱਖੀ ਲੱਛੇਦਾਰ ਬਿਆਨਾਂ ਤੋਂ ਫਿਰਨ ਨਾਲ ਸੰਘਰਸ਼ ਨੂੰ ਕੋਈ ਫਰਕ ਨਹੀਂ ਪਵੇਗਾ। ਦੁਨੀਆ ਦਾ ਕੋਈ ਵੀ ਸੰਘਰਸ਼ ਸਦਾ ਸਥਿਰ ਨਹੀਂ ਰਹਿੰਦਾ। ਉਤਰਾਅ-ਝੜਾਅ ਆਉਂਦੇ ਹੀ ਰਹਿੰਦੇ ਹਨ, ਇਸੇ ਤਰ੍ਹਾਂ ਹੀ ਕਈ ਵਿਅਕਤੀ ਵੀ ਅੱਕ ਜਾਂ ਥੱਕ ਕੇ, ਕਿਸੇ ਮਜ਼ਬੂਰੀ ਜਾਂ ਲਾਲਸਾ ਕਾਰਣ ਸੰਘਰਸ਼ਾਂ ਤੋਂ ਪਾਸਾ ਵੱਟ ਜਾਇਆ ਕਰਦੇ ਹਨ। 

PunjabKesari

ਇਹ ਦੁਨੀਆ ਦੇ ਸਮੂਹ ਆਜ਼ਾਦੀ ਦੇ ਸੰਘਰਸ਼ਾਂ ਦਾ ਸਾਂਝਾ ਵਰਤਾਰਾ ਰਿਹਾ ਹੈ। ਫੈਡਰੇਸ਼ਨ ਆਫ ਸਿੱਖ ਆਰਗਨਾਈਨੇਸ਼ਨਜ਼ ਯੂ.ਕੇ. ਵਲੋਂ ਸਪੱਸ਼ਟ ਕੀਤਾ ਗਿਆ ਕਿ  ਭਾਰਤ ਜਾਣਾ ਕੋਈ ਜ਼ੁਰਮ ਜਾਂ ਗੁਨਾਹ ਨਹੀਂ ਹੈ ਪਰ ਆਪਣੀਆਂ ਕਹੀਆਂ ਗੱਲਾਂ ਤੋਂ ਫਿਰਨਾ, ਸਰਕਾਰ ਦੇ ਪੱਖ ਵਿੱਚ ਬੋਲਣਾ, ਸਿੱਖ ਸੰਘਰਸ਼ ਅਤੇ ਖਾਲਿਸਤਨ ਨੂੰ  ਨਿੰਦਣਾ ਇੱਕ ਬੇਵਫਾਈ ਜ਼ਰੂਰ ਹੈ। ਸਿੱਖ ਸੰਗਤਾਂ ਨੂੰ ਸਨਿਮਰ ਅਪੀਲ ਕੀਤੀ ਗਈ ਕਿ ਹੌਂਸਲੇ ਬੁਲੰਦ ਰੱਖਦਿਆਂ ਹਰ ਸੰਭਵ ਤਰੀਕੇ ਨਾਲ ਸਿੱਖ ਕੌਮ ਦੀ ਆਜਾਦੀ ਲਈ ਚੱਲ ਰਹੇ ਸੰਘਰਸ਼ ਵਿੱਚ ਯੋਗਦਾਨ ਪਾਇਆ ਜਾਵੇ। ਸਿੱਖ ਕੌਮ ਇੱਕ ਦਿਨ ਖਾਲਿਸਤਾਨ ਦੀ ਵਸਨੀਕ ਜਰੂਰ ਬਣੇਗੀ। ਹਰ ਸੱਚੇ ਸਿੱਖ ਨੂੰ ਸਿੱਖ ਰਾਜ  ਖਾਲਿਸਤਾਨ ਦਾ ਸਮਰਥਨ ਕਰਨਾ ਚਾਹੀਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਭਾਈਚਾਰੇ ਨੂੰ ਨਿੱਝਰ ਦੇ ਕਤਲ 'ਚ ਵਿਦੇਸ਼ੀ ਤਾਕਤਾਂ ਦੇ ਹੱਥ ਦਾ ਖ਼ਦਸ਼ਾ, MP ਸੁੱਖ ਧਾਲੀਵਾਲ ਵੱਲੋਂ ਪਟੀਸ਼ਨ ਦਾ ਸਮਰਥਨ

ਭਾਈ ਅਵਤਾਰ ਸਿੰਘ ਸੰਘੇੜਾ ਵਰਗੇ ਲੋਕ ਜੋ ਯੂ-ਟਰਨ ਮਾਰਦੇ ਹੋਏ ਭਾਰਤੀ ਮੀਡੀਆ ਵਿੱਚ ਨੁਕਸਾਨਦੇਹ ਬਿਆਨ ਦਿੰਦੇ ਹਨ, ਜਦੋਂ ਉਨ੍ਹਾਂ ਦੀ ਪਰਖ ਦਾ ਵਕਤ  ਆਉਂਦਾ ਹੈ ਤਾਂ ਉਹ ਕਮਜ਼ੋਰ ਸਾਬਤ ਹੁੰਦੇ ਹਨ। ਕੌਮੀ ਆਜ਼ਾਦੀ ਦੀ ਇਸ ਲੜਾਈ ਵਿੱਚ ਜਿਹੜਾ ਸਥਿਰ ਨਹੀਂ ਰਹਿ ਸਕੇਗਾ, ਇਤਿਹਾਸ ਉਹਨਾਂ ਨੂੰ ਕਟਹਿਰੇ ਵਿੱਚ ਜ਼ਰੂਰ ਖੜ੍ਹਾ ਕਰੇਗਾ। ਐਫ ਐਸ ਓ ਦੇ ਸਮੂਹ ਮੈਂਬਰਾਂ ਖਾਲਿਸਤਾਨ ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਭਾਈ ਗੁਰਮੇਜ ਸਿੰਘ ਗਿੱਲ, ਸਿੱਖ ਫੈਡਰੇਸ਼ਨ ਯੂ,ਕੇ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ, ਯੂਨਾਈਟਿਡ ਖਾਲਸਾ ਦਲ ਯੂਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਯੂਕੇ ਦੇ ਪ੍ਰਧਾਨ ਭਾਈ ਗੁਰਦੇਵ ਸਿੰਘ ਚੋਹਾਨ, ਬ੍ਰਿਟਿਸ਼ ਸਿੱਖ ਕੌਂਸਲ ਦੇ ਮੁਖੀ ਭਾਈ ਤਰਸੇਮ ਸਿੰਘ ਦਿਓਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ ਦੇ ਪ੍ਰਧਾਨ ਭਾਈ ਜਸਪਾਲ ਸਿੰਘ ਬੈਂਸ , ਧਰਮ ਯੁੱਧ ਜਥਾ ਦਮਦਮੀ ਟਕਸਾਲ ਦੇ ਭਾਈ ਬਲਵਿੰਦਰ ਸਿੰਘ, ਧਰਮ ਯੁੱਧ ਜਥਾ ਦਮਦਮੀ ਟਕਸਾਲ ਦੇ ਆਗੂ ਭਾਈ ਚਰਨ ਸਿੰਘ ਵਲੋਂ ਭਾਰਤ ਸਰਕਾਰ ਨੂੰ ਸਪੱਸ਼ਟ ਅਤੇ ਵੰਗਾਰ ਰੂਪੀ ਸੁਨੇਹਾ ਦਿੱਤਾ ਗਿਆ ਹੈ ਕਿ ਖਾਲਿਸਤਾਨ ਦੇ ਸੰਘਰਸ਼ ਨੂੰ ਫਤਿਹ ਦੀ ਪੂਰਤੀ ਤੱਕ ਜਾਰੀ ਰੱਖਿਆ ਜਾਵੇਗਾ। 

ਆਜ਼ਾਦ ਸਿੱਖ ਰਾਜ ਖਾਲਿਸਤਾਨ ਦਾ ਸੰਘਰਸ਼ ਹੱਕ, ਸੱਚ, ਇੰਨਸਾਫ ਅਤੇ ਧਰਮ 'ਤੇ ਅਧਾਰਿਤ ਹੈ। ਇਹ ਕਿਸੇ ਗੁੰਮਰਾਹਕੁੰਨ ਪ੍ਰਚਾਰ ਦੀ ਉਪਜ ਨਹੀਂ ਹੈ ਅਤੇ ਨਾ ਹੀ ਵਿਦੇਸ਼ਾਂ ਵਿੱਚ ਵਸਦੇ ਸਿੱਖ ਨੌਜਵਾਨ ਕਿਸੇ ਗੁੰਮਰਾਹਕੁਨ ਪ੍ਰਚਾਰ ਦਾ ਸ਼ਿਕਾਰ ਹੋਏ ਜਾਂ ਹੋ ਰਹੇ ਹਨ। ਇਸ ਸੰਘਰਸ਼ ਦੌਰਾਨ ਜੂਝ ਕੇ ਸ਼ਹਾਦਤਾਂ ਪਾਉਣ ਵਾਲਿਆਂ, ਪੁਲਸ ਤਸ਼ੱਦਦ ਝੱਲਣ ਵਾਲਿਆਂ ਦਾ ਕੋਈ ਨਿੱਜ਼ੀ ਸੁਆਰਥ ਨਹੀਂ ਰਿਹਾ ਬਲਕਿ ਇੱਕੋ-ਇੱਕ ਨਿਸ਼ਾਨਾ ਰਿਹਾ ਹੈ ਕਿ ਸਿੱਖ ਕੌਮ ਨੂੰ ਅਜ਼ਾਦ ਕਰਵਾਉਣਾ ਹੈ।ਆਗੂਆਂ ਨੇ ਕਿਹਾ ਕਿ ਉਹ ਬ੍ਰਿਟੇਨ ਵਿਚ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News