ਓਮੀਕਰੋਨ ਦਾ ਖ਼ੌਫ, ਆਸਟ੍ਰੇਲੀਆ ''ਚ 5-11 ਸਾਲ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ

Sunday, Dec 05, 2021 - 06:20 PM (IST)

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਵਿਚ ਡਰੱਗ ਰੈਗੂਲੇਟਰਾਂ ਨੇ ਐਤਵਾਰ ਨੂੰ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ। ਇਸ ਮਗਰੋਂ ਹੁਣ 5-11 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਦੀ ਖੁਰਾਕ ਦਿੱਤੀ ਜਾਵੇਗੀ। ਉਂਝ ਵੀ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਕਈ ਮਾਮਲੇ ਆਸਟ੍ਰੇਲੀਆ ਵਿਚ ਸਾਹਮਣੇ ਆ ਚੁੱਕੇ ਹਨ। ਇਸ ਲਈ ਸੁਰੱਖਿਆ ਦੇ ਤਹਿਤ ਬੱਚਿਆਂ ਦੇ ਟੀਕਾਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਆਸਟ੍ਰੇਲੀਆ ਦੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਇਹ ਪ੍ਰਕਿਰਿਆ 10 ਜਨਵਰੀ ਤੋਂ ਸ਼ੁਰੂ ਹੋਵੇਗੀ। ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਉਨ੍ਹਾਂ ਮਤਲਬ ਥੈਰੇਪਿਊਟਿਕਸ ਗੁਡਜ਼ ਐਡਮਿਨਿਸਟ੍ਰੇਸ਼ਨ ਨੇ ਸਾਵਧਾਨੀ ਨਾਲ ਇਸ ਦੀ ਪੂਰੀ ਜਾਂਚ ਕੀਤੀ ਅਤੇ ਬੱਚਿਆਂ ਲਈ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਦੱਸਿਆ।

ਸ਼ੁਰੂ ਵਿੱਚ, ਆਸਟ੍ਰੇਲੀਆ ਨੇ ਕੋਰੋਨਾ ਟੀਕਾਕਰਨ ਦੀ ਪ੍ਰਕਿਰਿਆ ਨੂੰ ਅਪਣਾਉਣ ਵਿੱਚ ਦੇਰੀ ਕੀਤੀ ਪਰ ਹੁਣ ਇਹ ਦੁਨੀਆ ਵਿੱਚ ਸਭ ਤੋਂ ਵੱਧ ਟੀਕੇ ਲਗਾਉਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਚੁੱਕਾ ਹੈ। ਦੱਸ ਦਈਏ ਕਿ 16 ਸਾਲ ਤੋਂ ਵੱਧ ਉਮਰ ਦੇ 88 ਫੀਸਦੀ ਲੋਕਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ। ਆਸਟ੍ਰੇਲੀਆ ਵਿਚ ਕੋਰੋਨਾ ਵੈਕਸੀਨ ਦਾ ਵਿਰੋਧ ਕਰਨ ਵਾਲੇ ਬਹੁਤ ਘੱਟ ਲੋਕ ਹਨ। ਹਾਲਾਂਕਿ ਉਹ ਟੀਕੇ ਦੇ ਵਿਰੋਧ ਵਿੱਚ ਹਰ ਹਫ਼ਤੇ ਇੱਕ ਰੈਲੀ ਕੱਢ ਰਹੇ ਹਨ।ਗੌਰਤਲਬ ਹੈ ਕਿ ਦੇਸ਼ ਭਰ ਵਿੱਚ ਟੀਕਾਕਰਨ ਵਿਕਲਪਿਕ ਹੈ ਪਰ ਕਈ ਰਾਜਾਂ ਵਿੱਚ ਕਈ ਪੇਸ਼ਿਆਂ ਲਈ ਵੈਕਸੀਨ ਨੂੰ ਲਾਜ਼ਮੀ ਨਿਯਮ ਬਣਾਇਆ ਗਿਆ ਹੈ। ਇਸ ਤੋਂ ਇਲਾਵਾ, ਕਿਤਾਬਾਂ ਅਤੇ ਗਹਿਣਿਆਂ ਦੇ ਸਟੋਰ ਵਰਗੇ ਪ੍ਰਚੂਨ ਸਥਾਨ ਸਿਰਫ਼ ਉਨ੍ਹਾਂ ਨਿਵਾਸੀਆਂ ਲਈ ਖੁੱਲ੍ਹੇ ਹਨ ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ, ਜਿਨ੍ਹਾਂ ਦੀ ਉਮਰ 12 ਸਾਲ ਤੋਂ ਘੱਟ ਹੈ ਜਾਂ ਉਨ੍ਹਾਂ ਨੂੰ ਵੈਧ ਛੋਟਾਂ ਹਨ।

ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਵਾਇਰਸ ਨੇ ਹੁਣ ਆਸਟ੍ਰੇਲੀਆ ਦੇ ਸਕੂਲਾਂ 'ਚ ਵੀ ਦਿੱਤੀ ਦਸਤਕ

ਕੋਰੋਨਾ ਵੈਕਸੀਨ ਦਾ ਵਿਰੋਧ ਕਰ ਰਹੇ ਲੋਕਾਂ ਦੇ ਇੱਕ ਸਮੂਹ ਨੇ ਟੀਕੇ ਦੀ ਇੱਕ ਖੁਰਾਕ ਲੈਣ ਤੋਂ ਬਾਅਦ ਮਾੜੇ ਪ੍ਰਭਾਵਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। 10,000 ਤੋਂ ਵੱਧ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਵੈਕਸੀਨ ਦੇ ਮਾੜੇ ਪ੍ਰਭਾਵ ਸਨ, ਜਿਸ ਲਈ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਹੋਣਾ ਪਿਆ। ਹਾਲਾਂਕਿ, ਦੇਸ਼ ਦੀ ਸਰਕਾਰ ਨੇ ਅਜੇ ਤੱਕ ਇਸ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਹਨ ਕਿ ਮੁਆਵਜ਼ਾ ਦੇਣ ਲਈ ਸਬੂਤ ਦੇ ਕਿਹੜੇ ਮਿਆਰ ਦੀ ਲੋੜ ਹੋਵੇਗੀ ਕਿ ਕਿਸੇ ਵਿਅਕਤੀ ਨੂੰ ਟੀਕੇ ਦੇ ਮਾੜੇ ਪ੍ਰਭਾਵ ਹੋਏ ਹਨ ਜਾਂ ਨਹੀਂ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News