20 ਸਾਲ ਤੱਕ ਪਿਓ ਨੇ ਪੁੱਤ ਨੂੰ ਰੱਖਿਆ ''ਪਿੰਜਰੇ'' ''ਚ, ਹੋਇਆ ਗ੍ਰਿਫਤਾਰ

04/08/2018 4:48:27 PM

ਟੋਕਿਓ (ਬਿਊਰੋ)— ਜਾਪਾਨ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੁਲਸ ਨੇ 73 ਸਾਲਾ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਬੀਤੇ 20 ਸਾਲਾਂ ਤੋਂ ਆਪਣੇ ਬੇਟੇ ਨੂੰ ਲੱਕੜ ਦੇ ਪਿੰਜਰੇ ਵਿਚ ਕੈਦ ਕਰ ਕੇ ਰੱਖਿਆ ਹੋਇਆ ਸੀ। ਪੁਲਸ ਨੇ ਦੋਸ਼ੀ ਪਿਤਾ ਯੋਸ਼ੀਤਨੇ ਯਾਮਾਸਾਕੀ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਸੀ ਪਰ ਹੁਣ ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਪੁੱਛਗਿੱਛ ਵਿਚ ਦੋਸ਼ੀ ਪਿਤਾ ਨੇ ਜੋ ਸੱਚ ਦੱਸਿਆ ਉਹ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਸੀ। 
ਜਾਣਕਾਰੀ ਮੁਤਾਬਕ ਯਾਮਾਸਾਕੀ ਨੇ ਆਪਣਾ ਜ਼ੁਰਮ ਕਬੂਲ ਕਰਦਿਆਂ ਦੱਸਿਆ ਕਿ ਉਸ ਨੇ ਆਪਣੇ ਬੇਟੇ ਨੂੰ 20 ਸਾਲ ਤੋਂ ਇਸ ਲਈ ਪਿੰਜਰੇ ਵਿਚ ਰੱਖਿਆ ਸੀ ਕਿਉਂਕਿ ਉਹ ਮਾਨਸਿਕ ਰੂਪ ਵਿਚ ਬੀਮਾਰ ਸੀ। ਉਹ ਕਈ ਵਾਰੀ ਹਿੰਸਕ ਵੀ ਹੋ ਜਾਂਦਾ ਸੀ। ਉਸ ਨੇ ਦੱਸਿਆ ਕਿ ਇਹ ਪਿੰਜਰਾ ਘਰ ਦੇ ਅੱਗੇ ਬਣੀ ਇਕ ਝੋਂਪੜੀ ਵਿਚ ਬਣਾਇਆ ਗਿਆ ਸੀ, ਜੋ ਕਿ 1 ਮੀਟਰ ਉੱਚਾ ਅਤੇ 1.8 ਮੀਟਰ ਚੌੜਾ ਸੀ। ਦੋ ਦਹਾਕਿਆਂ ਤੱਕ ਪਿੰਜਰੇ ਵਿਚ ਬੰਦ ਰਹਿਣ ਕਾਰਨ ਬੀਮਾਰ ਬੇਟੇ ਦੀ ਕਮਰ ਟੇਢੀ ਹੋ ਗਈ ਹੈ ਅਤੇ ਹੁਣ ਉਹ ਸਿੱਧੇ ਖੜ੍ਹੇ ਹੋਣ ਵਿਚ ਸਮਰੱਥ ਨਹੀਂ ਹੈ। ਪੁਲਸ ਇਸ ਮਾਮਲੇ ਦੀ ਤਫਤੀਸ਼ ਵਿਚ ਜੁਟ ਗਈ ਹੈ। ਯਾਮਾਸਾਕੀ ਦੇ ਬੇਟੇ ਦੀ ਉਮਰ ਹੁਣ 42 ਸਾਲ ਹੈ। ਜਾਂਚ ਅਧਿਕਾਰੀਆਂ ਮੁਤਾਬਕ ਦੋਸ਼ੀ ਪਿਤਾ ਨੇ 16 ਸਾਲ ਦੀ ਉਮਰ ਵਿਚ ਹੀ ਆਪਣੇ ਬੇਟੇ ਨੂੰ ਪਿੰਜਰੇ ਵਿਚ ਕੈਦ ਕਰਨਾ ਸ਼ੁਰੂ ਕਰ ਦਿੱਤਾ ਸੀ। ਯਾਮਾਸਾਕੀ ਨੇ ਦੱਸਿਆ ਕਿ ਉਹ ਰੋਜ਼ਾਨਾ ਆਪਣੇ ਬੇਟੇ ਨੂੰ ਖਾਣਾ ਖਵਾਉਂਦਾ ਸੀ ਅਤੇ ਨਵਾਉਂਦਾ ਵੀ ਸੀ।


Related News