ਕੈਲੀਫੋਰਨੀਆ ''ਚ ਹੈੱਡ ਗ੍ਰੰਥੀ ਭਾਈ ਬਲਵਿੰਦਰ ਸਿੰਘ ਤੇ ਭਾਈ ਸੁਰਿੰਦਰਪਾਲ ਸਿੰਘ ਨੂੰ ਵਿਦਾਇਗੀ ਮੌਕੇ ਕੀਤਾ ਸਨਮਾਨਿਤ

Wednesday, Jun 08, 2022 - 12:56 AM (IST)

ਕੈਲੀਫੋਰਨੀਆ ''ਚ ਹੈੱਡ ਗ੍ਰੰਥੀ ਭਾਈ ਬਲਵਿੰਦਰ ਸਿੰਘ ਤੇ ਭਾਈ ਸੁਰਿੰਦਰਪਾਲ ਸਿੰਘ ਨੂੰ ਵਿਦਾਇਗੀ ਮੌਕੇ ਕੀਤਾ ਸਨਮਾਨਿਤ

ਪੋਰਟਰਵਿੱਲ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਸਥਾਨਕ ਗੁਰਦੁਆਰਾ ਸਿੱਖ ਸੈਂਟਰ ਦੇ ਹੈੱਡ ਗ੍ਰੰਥੀ ਭਾਈ ਬਲਵਿੰਦਰ ਸਿੰਘ ਤੇ ਸਹਾਇਕ ਭਾਈ ਸੁਰਿੰਦਰਪਾਲ ਸਿੰਘ ਨੇ ਪਿਛਲੇ ਸਵਾ 8 ਸਾਲ ਤੋਂ ਗੁਰੂ ਘਰ ਵਿਖੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ। ਗੁਰੂ ਘਰ ਦੇ ਪ੍ਰਬੰਧਕਾਂ ਤੇ ਸੰਗਤਾਂ ਨੇ ਦੱਸਿਆ ਕਿ ਭਾਈ ਸਾਹਿਬ ਹੋਰਾਂ ਨੇ ਗੁਰਦੁਆਰਾ ਸਾਹਿਬ ਦੇ ਸੁੰਦਰੀਕਰਨ ਦਾ ਕੰਮ ਮੁਕੰਮਲ ਕਰਵਾਇਆ, ਇਸ ਦੇ ਨਾਲ ਹੀ ਗੁਰੂ ਘਰ 'ਚ ਬਹੁਤ ਹੀ ਸੇਵਾ ਭਾਵਨਾ ਨਾਲ ਕਥਾ, ਕੀਰਤਨ ਤੇ ਵਿਚਾਰਾਂ ਦੀ ਹਾਜ਼ਰੀ ਭਰੀ ਤੇ ਇਥੋਂ ਦੇ ਬੱਚਿਆਂ ਨੂੰ ਵੀ ਗੁਰੂ ਘਰ ਨਾਲ ਜੋੜਿਆ। ਉਨ੍ਹਾਂ ਨੂੰ ਕੀਰਤਨ, ਤਬਲਾ ਅਤੇ ਗੁਰਬਾਣੀ ਦੀ ਸੰਥਿਆ ਕਰਵਾਈ। ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਤੇ ਹੋਰ ਅਨੇਕਾਂ ਸੇਵਾਵਾਂ ਨਿਭਾਈਆਂ ਗਈਆਂ।

ਇਹ ਵੀ ਪੜ੍ਹੋ : ਫਰਿਜ਼ਨੋ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸੀ 'ਤੇ ਹੋਣਗੇ ਵਿਸ਼ੇਸ਼ ਸਮਾਗਮ

ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਲਈ ਕੀਤੇ ਕਾਰਜਾਂ ਨੂੰ ਹਮੇਸ਼ਾ ਸੰਗਤਾਂ ਯਾਦ ਰੱਖਣਗੀਆਂ। ਕੱਲ੍ਹ ਦੇ ਦੀਵਾਨਾਂ ਮੌਕੇ ਭਾਈ ਸਾਹਿਬ ਹੋਰਾਂ ਨੂੰ ਵਿਦਾਇਗੀ ਦੇਣ ਮੌਕੇ ਸਮੂਹ ਸੰਗਤਾਂ ਦੀਆਂ ਨਮ ਅੱਖਾਂ 'ਚੋਂ ਉਨ੍ਹਾਂ ਦਾ ਪਿਆਰ ਡੁੱਲ੍ਹ ਰਿਹਾ ਸੀ। ਸੰਗਤਾਂ ਅਤੇ ਭਾਈ ਸਾਹਿਬਾਨ ਦਾ ਭਾਵੁਕ ਪਿਆਰ ਦੇਖ ਕੇ ਹੀ ਪਤਾ ਚੱਲ ਰਿਹਾ ਸੀ ਕਿ ਦੋਵੇਂ ਭਾਈ ਸਾਹਿਬ ਹੋਰਾਂ ਨੇ ਸਮੂਹ ਸੰਗਤ ਦੇ ਹਿਰਦੇ ਵਿੱਚ ਆਪਣੀ ਚੰਗੀ ਜਗ੍ਹਾ ਬਣਾਈ ਹੈ। ਭਾਈ ਸਾਹਿਬ ਨੇ ਵੀ ਦੱਸਿਆ ਕਿ ਉਨ੍ਹਾਂ ਨੂੰ ਸੰਗਤਾਂ ਵੱਲੋਂ ਹਮੇਸ਼ਾ ਪਰਿਵਾਰ ਵਾਲਾਂ ਪਿਆਰ ਸਤਿਕਾਰ ਮਿਲਿਆ, ਪ੍ਰਬੰਧਕਾਂ ਨੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਨਾ ਸਿਰਫ ਗ੍ਰੀਨ ਕਾਰਡ ਦਿਵਾਇਆ ਸਗੋਂ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਵੀ ਬਣਾਇਆ। ਉਨ੍ਹਾਂ ਕਿਹਾ ਕਿ ਸੰਗਤਾਂ ਦੇ ਇਸ ਪਿਆਰ ਲਈ ਉਹ ਹਮੇਸ਼ਾ ਰਿਣੀ ਰਹਿਣਗੇ।

ਇਹ ਵੀ ਪੜ੍ਹੋ : McDonald ਦੀ ਕੋਲਡ ਡਰਿੰਕ 'ਚ ਕਿਰਲੀ ਮਿਲਣ 'ਤੇ ਕਾਰਵਾਈ, ਆਊਟਲੈੱਟ 'ਤੇ 1 ਲੱਖ ਦਾ ਜੁਰਮਾਨਾ

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਡਾ. ਪਿਆਰਾ ਸਿੰਘ ਪੰਨੂ ਨੇ ਭਾਈ ਸਾਹਿਬ ਹੋਰਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕਰਕੇ ਵਿਸ਼ੇਸ਼ ਸਨਮਾਨ ਵੀ ਕੀਤਾ ਤੇ ਉਨ੍ਹਾਂ ਵੱਲੋਂ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਵਿਦਾਇਗੀ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ, ਪ੍ਰਬੰਧਕੀ ਮੈਂਬਰ ਅਤੇ ਸੰਗਤਾਂ ਹਾਜ਼ਰ ਸਨ।


author

Mukesh

Content Editor

Related News