ਇਸ ਘਰ ਵਿਚ ''ਨੈਨੀ'' ਦੀ ਨੌਕਰੀ ਲਈ ਮਿਲੇਗੀ ਲੱਖਾਂ ''ਚ ਤਨਖਾਹ ਤੇ ਹੋਰ ਕਈ ਸ਼ਾਨਦਾਰ ਸਹੂਲਤਾਂ, ਪਰ... (ਤਸਵੀਰਾਂ)
Tuesday, Jun 20, 2017 - 02:49 PM (IST)

ਸਕਾਟਲੈਂਡ— ਸਕਾਟਲੈਂਡ ਵਿਚ ਰਹਿਣ ਵਾਲੇ ਇਕ ਪਰਿਵਾਰ ਨੇ ਸਕਾਟਿਸ਼ ਬਾਰਡਰ ਨੇੜੇ ਸਥਿਤ ਪਿੰਡ ਵਿਚ ਆਪਣੇ ਜੱਦੀ ਘਰ ਵਿਚ 'ਨੈਨੀ' (ਬੱਚਿਆਂ ਦੀ ਦੇਖਭਾਲ ਕਰਨ ਵਾਲੇ ਵਿਅਕਤੀ) ਦੀ ਨੌਕਰੀ ਕੱਢੀ ਹੈ। ਇਸ ਨੌਕਰੀ ਦੀ ਖਾਸ ਗੱਲ ਇਹ ਹੈ ਇਸ ਕੰਮ ਲਈ ਨੈਨੀ ਨੂੰ 84000 ਡਾਲਰ ਸਾਲਾਨਾ ਯਾਨੀ ਕਿ 54 ਲੱਖ ਰੁਪਏ ਸਾਲਾਨਾ ਦਿੱਤੇ ਜਾਣਗੇ ਅਤੇ ਇਸ ਦੇ ਨਾਲ ਹੀ ਉਸ ਨੂੰ ਕਈ ਸਹੂਲਤਾਂ ਦਿੱਤੀਆਂ ਜਾਣਗੀਆਂ ਪਰ ਕਿਹਾ ਜਾ ਰਿਹਾ ਹੈ ਕਿ ਇਹ ਘਰ ਭੂਤੀਆ ਹੈ।
ਇਸ ਨੈਨੀ ਨੂੰ ਹਫਤੇ ਦੇ ਚਾਰ ਦਿਨ ਅਤੇ ਰਾਤ 5 ਅਤੇ 7 ਸਾਲ ਦੀ ਉਮਰ ਦੇ ਦੋ ਬੱਚਿਆਂ ਦੀ ਦੇਖਭਾਲ ਕਰਨੀ ਪਵੇਗੀ। ਨੈਨੀ ਨੂੰ ਵੱਖਰਾ ਕਮਰਾ, ਬਾਥਰੂਮ ਅਤੇ ਇਕ ਨਿੱਜੀ ਰਸੋਈ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਸ ਨੂੰ ਸਾਲ ਵਿਚ ਬੈਂਕ ਦੀਆਂ ਛੁੱਟੀਆਂ ਤੋਂ ਇਲਾਵਾ 28 ਹੋਰ ਛੁੱਟੀਆਂ ਵੀ ਮਿਲਣਗੀਆਂ। ਪਰਿਵਾਰ ਨੇ ਇਸ ਨੌਕਰੀ ਲਈ ਵਿਗਿਆਪਨ ਦਿੱਤਾ ਹੈ। ਵਿਗਿਆਪਨ ਵਿਚ ਪਰਿਵਾਰ ਨੇ ਦੱਸਿਆ ਕਿ ਉਹ ਬੀਤੇ ਇਕ ਸਾਲ ਵਿਚ ਪੰਜ ਨੈਨੀਆਂ ਰੱਖ ਚੁੱਕੇ ਹਨ ਪਰ ਉਹ ਸਾਰੀਆਂ ਇਸ ਘਰ ਵਿਚ ਹੋਣ ਵਾਲੀਆਂ ਭੂਤੀਆਂ ਘਟਨਾਵਾਂ ਕਾਰਨ ਨੌਕਰੀ ਛੱਡ ਕੇ ਜਾ ਚੁੱਕੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਘਰ ਵਿਚ ਉਨ੍ਹਾਂ ਨੂੰ ਅਜੀਬ ਆਵਾਜ਼ਾਂ, ਗਲਾਸਾਂ ਦੇ ਟੁੱਟਣ ਦੀਆਂ ਆਵਾਜ਼ਾਂ ਆਉਂਦੀਆਂ ਹਨ ਅਤੇ ਫਰਨੀਚਰ ਘੁੰਮਦਾ ਹੋਇਆ ਦਿਖਾਈ ਦਿੰਦਾ ਹੈ।
ਪਰਿਵਾਰ ਨੇ ਦੱਸਿਆ ਕਿ 10 ਸਾਲ ਪਹਿਲਾਂ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਇਹ ਘਰ ਭੂਤੀਆ ਹੈ ਪਰ ਉਨ੍ਹਾਂ ਨੇ ਫਿਰ ਵੀ ਇਸ ਨੂੰ ਖਰੀਦ ਲਿਆ ਸੀ। ਪਰਿਵਾਰ ਨੇ ਕਦੇ ਵੀ ਅਜਿਹੀ ਕੋਈ ਗੱਲ ਮਹਿਸੂਸ ਨਹੀਂ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਘਰ ਤੋਂ ਬਾਹਰ ਹੁੰਦੇ ਹਨ, ਉਸ ਸਮੇਂ ਹੀ ਅਜਿਹਾ ਕੁਝ ਹੁੰਦਾ ਹੈ। ਪਰਿਵਾਰ ਨੇ ਇਹ ਵੀ ਭਰੋਸਾ ਜਤਾਇਆ ਹੈ ਕਿ ਘਰ ਵਿਚ ਰਹਿਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਦੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਪਰ ਉਹ ਚਾਹੁੰਦੇ ਹਨ ਕਿ ਨੈਨੀ ਮਜ਼ਬੂਤ ਇਰਾਦਿਆਂ ਵਾਲੀ ਹੋਵੇ ਅਤੇ ਬਿਨਾਂ ਡਰੇ ਆਪਣਾ ਕੰਮ ਕਰੇ।