ਆਸਟ੍ਰੇਲੀਆ ਜੰਗਲੀ ਅੱਗ : ਝੂਠੀਆਂ ਤਸਵੀਰਾਂ ਹੋ ਰਹੀਆਂ ਨੇ ਸ਼ੇਅਰ, ਕੀਤੀ ਜਾ ਰਹੀ ਹੈ ਕਮਾਈ
Sunday, Jan 12, 2020 - 01:57 PM (IST)

ਸਿਡਨੀ— ਆਸਟ੍ਰੇਲੀਆ ਦੇ ਜੰਗਲਾਂ 'ਚ ਅੱਗ ਲੱਗਣ ਕਾਰਨ ਲਗਭਗ 1 ਅਰਬ ਜਾਨਵਰ ਸੜ ਕੇ ਮਰ ਗਏ। ਕਈ ਜਾਨਵਰਾਂ ਦੀ ਜਾਨ ਬਚਾਈ ਗਈ ਪਰ ਉਨ੍ਹਾਂ 'ਚੋਂ ਵੀ ਕਈ ਬੁਰੀ ਤਰ੍ਹਾਂ ਜ਼ਖਮੀ ਹਨ, ਜਿਨ੍ਹਾਂ ਨੂੰ ਦਾਨੀ ਲੋਕ ਆਸਰਾ ਦੇ ਰਹੇ ਹਨ ਤੇ ਉਨ੍ਹਾਂ ਦਾ ਧਿਆਨ ਰੱਖ ਰਹੇ ਹਨ। ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਜ਼ਖਮੀ ਜਾਨਵਰਾਂ ਨੂੰ ਬਚਾਉਣ ਵਾਲੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਤਰ੍ਹਾਂ ਦੀਆਂ ਕਈ ਤਸਵੀਰਾਂ ਟਵਿੱਟਰ, ਫੇਸਬੁੱਕ ਆਦਿ 'ਤੇ ਸਾਂਝੀਆਂ ਹੋ ਰਹੀਆਂ ਹਨ। ਵਾਸ਼ਿੰਗਟਨ ਪੋਸਟ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਵਾਇਰਲ ਤਸਵੀਰਾਂ 'ਚ ਕਈ ਝੂਠੀਆਂ ਵੀ ਹਨ। ਜਿਵੇਂ ਕੁਝ ਲੋਕਾਂ ਨੇ ਪਾਰਕਾਂ 'ਚ ਜਾ ਕੇ ਜਾਨਵਰਾਂ ਨਾਲ ਤਸਵੀਰਾਂ ਖਿਚਵਾਈਆਂ ਹੁੰਦੀਆਂ ਹਨ ਪਰ ਕੁਝ ਲੋਕ ਇਨ੍ਹਾਂ ਤਸਵੀਰਾਂ ਨੂੰ ਜੰਗਲੀ ਅੱਗ 'ਚੋਂ ਬਚਾਏ ਜਾਨਵਰ ਦੱਸ ਕੇ ਤੇ ਭਾਵੁਕ ਲਾਈਨਾਂ ਲਿਖ ਕੇ ਪੋਸਟ ਕਰ ਰਹੇ ਹਨ ਤੇ ਲੋਕ ਇਨ੍ਹਾਂ ਨੂੰ ਸਾਂਝੀਆਂ ਕਰ ਰਹੇ ਹਨ। ਇਸ ਤਰ੍ਹਾਂ ਕੁੱਝ ਲੋਕ ਵੈੱਬਸਾਈਟਾਂ ਕੋਲੋਂ ਕਮਾਈਆਂ ਕਰ ਰਹੇ ਹਨ।
ਵਾਸ਼ਿੰਗਟਨ ਪੋਸਟ ਮੁਤਾਬਕ ਇਕ ਤਸਵੀਰ ਕਾਫੀ ਵਾਇਰਲ ਕੀਤੀ ਗਈ ਕਿ ਇਕ ਛੋਟੀ ਬੱਚੀ ਜ਼ਖਮੀ ਕੋਆਲਾ ਨੂੰ ਬਚਾ ਕੇ ਲੈ ਜਾ ਰਹੀ ਹੈ ਜਦਕਿ ਇਹ ਫੋਟੋਸ਼ਾਪ ਕਰਕੇ ਤਿਆਰ ਕੀਤੀ ਗਈ ਹੈ।
ਪਿਛਲੇ ਦਿਨੀਂ ਇਕ ਹੋਰ ਤਸਵੀਰ ਤੇ ਵੀਡੀਆ ਕਾਫੀ ਵਾਇਰਲ ਹੋਈ ਜਿਸ 'ਚ ਚਿੱਟੇ ਰੰਗ ਦੀ ਡਰੈੱਸ ਪਹਿਨੀ ਔਰਤ ਇਕ ਕੰਗਾਰੂ ਨਾਲ ਬੈਠੀ ਹੈ। ਇਸ ਦੇ ਨਾਲ ਹੀ ਕੈਪਸ਼ਨ ਲਿਖੀ ਹੋਈ ਹੈ ਕਿ ਇਹ ਕੰਗਾਰੂ ਉਸ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਔਰਤ ਨੇ ਉਸ ਦੀ ਜਾਨ ਬਚਾਈ ਹੈ ਜਦ ਕਿ ਔਰਤ ਦਾ ਕਹਿਣਾ ਹੈ ਕਿ ਉਸ ਨੇ ਕੰਗਾਰੂ ਸੈਂਚਰੀ 'ਚ ਇਹ ਤਸਵੀਰ ਮਹੀਨੇ ਪਹਿਲਾਂ ਖਿਚਵਾਈ ਸੀ। ਇਸ ਤਰ੍ਹਾਂ ਕੁੱਝ ਚਲਾਕ ਲੋਕ ਕਿਸੇ ਨਾ ਕਿਸੇ ਦੀ ਤਸਵੀਰ ਚੁੱਕ ਕੇ ਸਾਂਝੀ ਕਰਦੇ ਹਨ ਤੇ ਵਧ ਤੋਂ ਵਧ ਸ਼ੇਅਰ ਕਰਵਾਉਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਮੋਟੀ ਕਮਾਈ ਹੁੰਦੀ ਹੈ।