ਨਵਾਜ਼ ਸ਼ਰੀਫ ਦੇ ਨਾਂ ''ਤੇ ਫਰਜ਼ੀ ਟੀਕਾਕਰਨ ਸਰਟੀਫਿਕੇਟ ਜਾਰੀ, ਪਾਕਿ ''ਚ 2 ਸਿਹਤ ਕਰਮਚਾਰੀ ਮੁਅੱਤਲ

Friday, Sep 24, 2021 - 02:14 AM (IST)

ਲਾਹੌਰ-ਪਾਕਿਸਤਾਨ ਦੇ ਪੰਜਾਬ ਸੂਬੇ 'ਚ ਸਿਹਤ ਵਿਭਾਗ ਦੇ ਦੋ ਕਰਮਚਾਰੀਆਂ ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਨਾਂ ਨਾਲ ਇਥੇ ਇਕ ਸਰਕਾਰੀ ਹਸਪਤਾਲ 'ਚ ਫਰਜ਼ੀ ਕੋਰੋਨਾ ਟੀਕਾ ਸਰਟੀਫਿਕੇਟ ਜਾਰੀ ਕਰਨ ਦੇ ਦੋਸ਼ 'ਚ ਵੀਰਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ। ਪੰਜਾਬ ਸਰਕਾਰ ਦੇ ਇਕ ਅਧਿਕਾਰੀ ਨੇ 'ਪੀ.ਟੀ.ਆਈ.' ਨੂੰ ਦੱਸਿਆ ਕਿ ਨਵੰਬਰ 2019 ਤੋਂ ਲੰਡਨ 'ਚ ਇਲਾਜ ਕਰਵਾ ਰਹੇ ਸ਼ਰੀਫ ਨੂੰ ਨੈਸ਼ਨਲ ਕਮਾਂਡ ਆਪਰੇਸ਼ਨ ਸੈਂਟਰ (ਐੱਨ.ਸੀ.ਓ.ਸੀ.) ਦੇ ਰਿਕਾਰਡ ਮੁਤਾਬਕ ਬੁੱਧਵਾਰ ਨੂੰ ਚੀਨੀ ਕੋਵਿਡ-19 ਰੋਕੂ ਟੀਕੇ ਸਿਨੋਵੈਕ ਦੀ ਪਹਿਲੀ ਖੁਰਾਕ ਦਿੱਤੀ ਗਈ।

ਇਹ ਵੀ ਪੜ੍ਹੋ : ...ਤਾਂ ਇਸ ਕਾਰਨ ਅਫਰੀਕਾ CDC ਨੇ ਬ੍ਰਿਟੇਨ ਦੇ ਇਸ ਫੈਸਲੇ ਦੀ ਕੀਤੀ ਨਿੰਦਾ

ਐੱਨ.ਸੀ.ਓ.ਸੀ. ਦੇ ਰਿਕਾਰਡ ਮੁਤਾਬਕ ਸ਼ਰੀਫ (71) ਨੂੰ ਲਾਹੌਰ ਦੇ ਸਰਕਾਰੀ ਕੋਟ ਖਵਾਜਾ ਸਈਅਦ ਹਸਪਤਾਲ 'ਚ ਟੀਕਾ ਲਾਇਆ ਗਿਆ। ਇਹ ਘਟਨਾ ਪਾਕਿਸਤਾਨ 'ਚ ਇਕ ਵੱਡੇ ਰਾਜਨੀਤੀ ਤੂਫ਼ਾਨ 'ਚ ਬਦਲ ਗਈ ਹੈ, ਜਿਸ 'ਚ ਸ਼ਰੀਫ ਦੀ ਅਗਵਾਈ ਵਾਲੇ ਵਿਰੋਧੀ ਦਲ ਪਾਕਿਸਤਾਨ ਮੁਸਲਿਮ ਲੀਗ (ਪੀ.ਐੱਮ.ਐੱਲ.)-ਐੱਨ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੇ ਮੰਤਰੀਆਂ ਨੂੰ ਟੀਕਾਕਰਨ ਪ੍ਰੋਗਰਾਮ ਨੂੰ ਲੈ ਕੇ ਨਿਸ਼ਾਨਾ ਬਣਾਇਆ ਹੈ।

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ 'ਚ ਟੀਕਿਆਂ ਦੀ ਅਸਮਾਨਤਾ ਦਾ ਮੁੱਦਾ ਚੁੱਕਣਗੇ ਅਫਰੀਕੀ ਨੇਤਾ

ਪੀ.ਐੱਮ.ਐੱਲ. (ਨਵਾਜ਼) ਪੰਜਾਬ ਦੇ ਬੁਲਾਰੇ ਆਜ਼ਮਾ ਬੁਖਾਰੀ ਨੇ ਕਿਹਾ ਕਿ ਸਰਕਾਰ ਨੇ ਜਿਥੇ ਕੰਪਿਉਟਰਾਈਜ਼ਡ ਰਾਸ਼ਟਰੀ ਪਛਾਣ ਪੱਤਰ (ਸੀ.ਐੱਨ.ਆਈ.ਸੀ.) ਨੂੰ ਬਲਾਕ ਕਰ ਦਿੱਤਾ ਹੈ, ਉਥੇ ਤਿੰਨ ਵਾਰ ਪ੍ਰਧਾਨ ਮੰਤਰੀ ਦਾ ਨਾਂ ਐੱਨ.ਸੀ.ਓ.ਸੀ. ਦੇ ਅੰਕੜਿਆਂ 'ਚ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਦੇ ਟੀਕਾਕਰਨ ਪ੍ਰੋਗਰਾਮ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News