ਜਾਪਾਨ ਨੇ ‘ਨਕਲੀ’ ਪਾਕਿਸਤਾਨੀ ਫੁੱਟਬਾਲ ਟੀਮ ਨੂੰ ਦੇਸ਼ 'ਚੋਂ ਕੱਢਿਆ, ਵੱਡੇ ਕਾਂਡ ਨੂੰ ਦੇ ਰਹੇ ਸੀ ਅੰਜਾਮ
Wednesday, Sep 17, 2025 - 10:06 PM (IST)

ਲਾਹੌਰ (ਭਾਸ਼ਾ)–ਸੰਘੀ ਜਾਂਚ ਏਜੰਸੀ (ਐਫ.ਆਈ.ਏ.) ਨੇ ਬੁੱਧਵਾਰ ਨੂੰ ਕਿਹਾ ਕਿ ਧੋਖਾਧੜੀ ਦਾ ਪਰਦਾਫਾਸ਼ ਹੋਣ ਤੋਂ ਬਾਅਦ ਇੱਕ 'ਨਕਲੀ' ਪਾਕਿਸਤਾਨੀ ਫੁੱਟਬਾਲ ਟੀਮ ਨੂੰ ਜਾਪਾਨ ਤੋਂ ਡਿਪੋਰਟ ਕਰ ਦਿੱਤਾ ਗਿਆ। ਐਫ.ਆਈ.ਏ. ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਮਨੁੱਖੀ ਤਸਕਰੀ ਗਿਰੋਹ ਫੁੱਟਬਾਲ ਟੀਮ ਦੀ ਆੜ ਵਿੱਚ 22 ਲੋਕਾਂ ਨੂੰ ਜਾਪਾਨ ਭੇਜਣ ਵਿੱਚ ਸ਼ਾਮਲ ਸੀ। ਨਕਲੀ ਖਿਡਾਰੀਆਂ ਨੇ ਫੁੱਟਬਾਲ ਕਿੱਟਾਂ ਪਹਿਨੀਆਂ ਹੋਈਆਂ ਸਨ ਅਤੇ ਪਾਕਿਸਤਾਨ ਫੁੱਟਬਾਲ ਫੈਡਰੇਸ਼ਨ ਨਾਲ ਰਜਿਸਟਰਡ ਹੋਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਨੇ ਇੱਕ ਜਾਪਾਨੀ ਕਲੱਬ ਨਾਲ ਮੈਚ ਹੋਣ ਦਾ ਵੀ ਦਾਅਵਾ ਕੀਤਾ ਸੀ।
ਬਿਆਨ ਵਿੱਚ ਕਿਹਾ ਗਿਆ ਹੈ, "22 ਮੈਂਬਰੀ ਨਕਲੀ ਫੁੱਟਬਾਲ ਟੀਮ, ਜੋ 15 ਦਿਨਾਂ ਦਾ ਵੀਜ਼ਾ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੀ, ਜੂਨ 2025 ਵਿੱਚ ਜਾਪਾਨ ਪਹੁੰਚੀ ਸੀ। ਹਾਲਾਂਕਿ, ਜਾਪਾਨੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਡਿਪੋਰਟ ਕਰ ਦਿੱਤਾ ਅਤੇ ਬਾਅਦ ਵਿੱਚ ਮਾਮਲੇ ਦੀ ਰਿਪੋਰਟ ਐਫ.ਆਈ.ਏ. ਨੂੰ ਦਿੱਤੀ ਗਈ।" ਐਨ.ਆਈ.ਏ. ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਮੰਗਲਵਾਰ ਨੂੰ ਘਟਨਾ ਵਿੱਚ ਸ਼ਾਮਲ ਮਨੁੱਖੀ ਤਸਕਰੀ ਗਿਰੋਹ ਦੇ ਇੱਕ ਮੁੱਖ ਸ਼ੱਕੀ ਵਕਾਸ ਅਲੀ ਨੂੰ ਗ੍ਰਿਫਤਾਰ ਕਰ ਲਿਆ।