Fact Check: ਨੇਪਾਲ ਵਿੱਚ 10 ਸਾਲ ਪਹਿਲਾਂ ਆਏ ਭੂਚਾਲ ਦੇ ਵੀਡੀਓ ਨੂੰ ਹਾਲ ਦਾ ਦਸਦਿਆਂ ਕੀਤਾ ਜਾ ਰਿਹਾ ਸ਼ੇਅਰ

Friday, Jan 10, 2025 - 12:48 PM (IST)

Fact Check: ਨੇਪਾਲ ਵਿੱਚ 10 ਸਾਲ ਪਹਿਲਾਂ ਆਏ ਭੂਚਾਲ ਦੇ ਵੀਡੀਓ ਨੂੰ ਹਾਲ ਦਾ ਦਸਦਿਆਂ ਕੀਤਾ ਜਾ ਰਿਹਾ ਸ਼ੇਅਰ

Fact Check By Vishwas News

ਨਵੀਂ ਦਿੱਲੀ: ਤਿੱਬਤ-ਨੇਪਾਲ ਸਰਹੱਦ ‘ਤੇ ਆਏ ਭੂਚਾਲ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਬਹੁਤ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਜੋੜਦੇ ਹੋਏ ਸੋਸ਼ਲ ਮੀਡੀਆ ‘ਤੇ ਭੂਚਾਲ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਤੇਜ ਤੀਬਰਤਾ ਵਾਲਾ ਭੂਚਾਲ ਆਉਂਦਾ ਹੈ। ਸੜਕ ‘ਤੇ ਬਣੀ ਮੂਰਤੀ ਡਿੱਗ ਜਾਂਦੀ ਹੈ। ਲੋਕ ਭੱਜ ਕੇ ਘਰਾਂ ਤੋਂ ਬਾਹਰ ਖੁੱਲ੍ਹੇ ਵਿੱਚ ਆ ਜਾਂਦੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨੇਪਾਲ ‘ਚ ਹਾਲ ਹੀ ਵਿੱਚ ਆਏ ਭੂਚਾਲ ਦਾ ਵੀਡੀਓ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਦਰਅਸਲ ਵਾਇਰਲ ਵੀਡੀਓ ਹਾਲ ਹੀ ਵਿੱਚ ਆਏ ਭੂਚਾਲ ਦਾ ਨਹੀਂ ਹੈ, ਸਗੋਂ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਤ੍ਰਿਪੁਰੇਸ਼ਵਰ ਚੌਕ ‘ਤੇ 2015 ‘ਚ ਆਏ ਭੂਚਾਲ ਦਾ ਹੈ।

ਕੀ ਹੋ ਰਿਹਾ ਹੈ ਵਾਇਰਲ ?

ਫੇਸਬੁੱਕ  ਯੂਜ਼ਰ ਵਰਿੰਦਰ ਨਿਕੁਬ ਨੇ 7 ਜਨਵਰੀ 2025 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ, ਕੈਪਸ਼ਨ ਵਿੱਚ ਲਿਖਿਆ ਹੈ, “ਭੂਚਾਲ – ਤਿੱਬਤ ਨੇਪਾਲ ਸਰਹੱਦ ‘ਤੇ ਆਏ 7.1 ਤੀਬਰਤਾ ਦੇ ਭੂਚਾਲ ਵਿੱਚ ਬਹੁਤ ਜਾਨ-ਮਾਲ ਦਾ ਨੁਕਸਾਨ ਹੋਇਆ ਹੈ । ਪ੍ਰਾਪਤ ਖਬਰਾਂ ਦੇ ਅਨੁਸਾਰ ਹੁਣ ਤੱਕ 32 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੈਂਕੜੇ ਇਮਾਰਤਾਂ ਢਹਿ ਗਈਆਂ… ਭੂਚਾਲ ਦੇ ਇਹ ਝਟਕੇ ਤਿੱਬਤ, ਸਿੱਕਮ, ਨੇਪਾਲ, ਦਿੱਲੀ, NCR, ਬਿਹਾਰ, ਅਸਾਮ ਅਤੇ ਬੰਗਾਲ ਵਿੱਚ ਵੀ ਮਹਿਸੂਸ ਕੀਤੇ ਗਏ, ਭੂਚਾਲ ਦਾ ਕੇਂਦਰ ਨੇਪਾਲ ਦਾ ਲੋਬੂਚੇ ਸੀ।”

ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।

PunjabKesari

ਪੜਤਾਲ

ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ ਅਸੀਂ ਇਨਵਿਡ ਟੂਲ ਦੀ ਮਦਦ ਨਾਲ ਵੀਡੀਓ ਦੇ ਕਈ ਕੀਫ੍ਰੇਮ ਕੱਢੇ ਅਤੇ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਵਾਇਰਲ ਵੀਡੀਓ ਵਾਈਲਡ ਫਿਲਮਜ਼ ਇੰਡੀਆ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲਿਆ। ਵੀਡੀਓ 17 ਜੂਨ 2021 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ, ਵਾਇਰਲ ਵੀਡੀਓ ਸਾਲ 2015 ਵਿੱਚ ਨੇਪਾਲ ਦੇ ਕਾਠਮੰਡੂ ਦੇ ਤ੍ਰਿਪੁਰੇਸ਼ਵਰ ਚੌਕ ਵਿੱਚ ਆਏ ਭੂਚਾਲ ਦਾ ਹੈ।

ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ, ਅਸੀਂ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਇੰਡੀਆ ਟੂਡੇ ਦੀ ਅਧਿਕਾਰਤ ਵੈੱਬਸਾਈਟ ‘ਤੇ ਦਾਅਵੇ ਨਾਲ ਸਬੰਧਤ ਇੱਕ ਰਿਪੋਰਟ ਮਿਲੀ। ਇਹ ਰਿਪੋਰਟ 30 ਅਪ੍ਰੈਲ 2015 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਰਿਪੋਰਟ ਮੁਤਾਬਕ, ਨੇਪਾਲ ਦੇ ਕਾਠਮੰਡੂ ਦੇ ਤ੍ਰਿਪੁਰੇਸ਼ਵਰ ਚੌਕ ‘ਤੇ ਆਏ ਭੂਚਾਲ ਦੇ ਝਟਕੇ ਉੱਥੇ ਹੀ ਚੌਰਾਹੇ ‘ਤੇ ਮੌਜੂਦ ਸੀਸੀਟੀਵੀ ‘ਚ ਕੈਦ ਹੋ ਗਏ ਸਨ। ਭੂਚਾਲ ਬਹੁਤ ਤੀਬਰਤਾ ਵਾਲਾ ਸੀ।

PunjabKesari

ਵਧੇਰੇ ਜਾਣਕਾਰੀ ਲਈ, ਅਸੀਂ ਕਾਠਮੰਡੂ ਸਥਿਤ ਨਿਊਜ਼ ਵੈੱਬਸਾਈਟ ਹਿਮਾਲਿਆ ਟਾਈਮਜ਼ ਦੇ ਪੱਤਰਕਾਰ ਅਨੁਜ ਅਰੋੜਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਇਹ ਵੀਡੀਓ ਸਾਲ 2015 ਵਿੱਚ ਆਏ ਭੂਚਾਲ ਦਾ ਹੈ।

ਨਿਊਜ਼ 18 ਦੀ ਵੈੱਬਸਾਈਟ ‘ਤੇ 7 ਜਨਵਰੀ 2025 ਨੂੰ ਪ੍ਰਕਾਸ਼ਿਤ  ਰਿਪੋਰਟ ਮੁਤਾਬਕ, ਨੇਪਾਲ-ਤਿੱਬਤ ਦੀ ਸੀਮਾ ‘ਤੇ ਕਰੀਬ 6.8 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਭੂਚਾਲ ਕਾਰਨ 126 ਲੋਕਾਂ ਦੀ ਜਾਨ ਚਲੀ ਗਈ ਅਤੇ 188 ਲੋਕ ਜ਼ਖਮੀ ਹੋ ਗਏ। ਇਸ ਭੂਚਾਲ ਦਾ ਅਸਰ ਭਾਰਤ ਦੇ ਕਈ ਸ਼ਹਿਰਾਂ ਵਿੱਚ ਵੀ ਦੇਖਣ ਨੂੰ ਮਿਲਿਆ ਸੀ।

ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ ਸੱਤ ਹਜ਼ਾਰ ਛੇ ਸੌ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਭੂਚਾਲ ਦੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਦਰਅਸਲ ਵਾਇਰਲ ਵੀਡੀਓ ਹਾਲ ਹੀ ਵਿੱਚ ਆਏ ਭੂਚਾਲ ਦਾ ਨਹੀਂ ਹੈ, ਸਗੋਂ ਸਾਲ 2015 ਵਿੱਚ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਤ੍ਰਿਪੁਰੇਸ਼ਵਰ ਚੌਕ ‘ਤੇ ਆਏ ਭੂਚਾਲ ਦਾ ਹੈ।

(Disclaimer: ਇਹ ਫੈਕਟ ਮੂਲ ਤੌਰ 'ਤੇ Vishwas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)

 


author

cherry

Content Editor

Related News