ਫੇਸ ਸ਼ੀਲਡ ਜਾਂ ਵਾਲਵ ਵਾਲੇ ਮਾਸਕ ਮਿਲ ਕੇ ਵੀ ਨਹੀਂ ਰੋਕ ਸਕਦੇ ਕੋਰੋਨਾ : ਭਾਰਤੀ-ਅਮਰੀਕੀ ਮਾਹਰ
Thursday, Sep 03, 2020 - 11:51 AM (IST)
ਨਿਊਯਾਰਕ- ਕੋਰੋਨਾ ਕਾਲ ਵਿਚ ਇਸ ਮਹਾਮਾਰੀ ਤੋਂ ਬਚਣ ਲਈ ਸਰਕਾਰ ਵਲੋਂ ਲਗਾਤਾਰ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦੇ ਬਾਅਦ ਵੀ ਕਈ ਵਾਰ ਬਿਨਾ ਮਾਸਕ ਲਗਾਏ ਲੋਕ ਸੜਕਾਂ 'ਤੇ ਘੁੰਮਦੇ ਦਿਖਾਈ ਦਿੰਦੇ ਹਨ।
ਉੱਥੇ ਹੀ, ਕਈ ਲੋਕ ਅਜਿਹੇ ਵੀ ਹਨ ਜੋ ਹਰ ਸਮਾਂ ਮਾਸਕ ਲਗਾ ਕੇ ਰੱਖਦੇ ਹਨ ਪਰ ਠੀਕ ਤਰੀਕੇ ਨਾਲ ਨਹੀਂ। ਇਸ 'ਤੇ ਹੀ ਹੋਏ ਇਕ ਅਧਿਐਨ ਦਾ ਨਤੀਜਾ ਹੁਣ ਸਾਹਮਣੇ ਆਇਆ ਹੈ। ਭਾਰਤੀ-ਅਮਰੀਕੀ ਸੋਧਕਾਰਾਂ ਵਲੋਂ ਕੀਤੇ ਗਏ ਇਸ ਅਧਿਐਨ ਵਿਚ ਇਹ ਦੱਸਿਆ ਗਿਆ ਹੈ ਕਿ ਲੋਕ ਐਕਸਹੇਲੇਸ਼ਨ ਵਾਲਵ ਵਾਲੇ ਮਾਸਕ ਨਾਲ ਫੇਸ ਸ਼ੀਲਡ ਦੀ ਵਰਤੋਂ ਦੇ ਬਾਅਦ ਵੀ ਕੋਰੋਨਾ ਦੀ ਲਪੇਟ ਵਿਚ ਆ ਸਕਦੇ ਹਨ।
ਇਸ ਦਾ ਕਾਰਨ ਇਹ ਕਿ ਜੇਕਰ ਕੋਈ ਕੋਰੋਨਾ ਪੀੜਤ ਖੰਘਦਾ ਹੈ ਤਾਂ ਉਸ ਦੇ ਥੁੱਕ ਦੇ ਛਿੱਟੇ ਫੇਸ ਸ਼ੀਲਡ ਕੋਲ ਘੁੰਮਦੇ ਰਹਿੰਦੇ ਹਨ ਤੇ ਫਿਰ ਦੂਜੇ ਲੋਕ ਵੀ ਇਸ ਦੀ ਲਪੇਟ ਵਿਚ ਆ ਸਕਦੇ ਹਨ। ਇਸ ਤਰ੍ਹਾਂ ਕੋਰੋਨਾ ਦਾ ਵਾਇਰਸ ਦੂਜੇ ਲੋਕਾਂ ਨੂੰ ਵੀ ਸ਼ਿਕਾਰ ਬਣਾ ਸਕਦਾ ਹੈ।
ਫਲੋਰੀਡਾ ਅਟਲਾਂਟਿਕ ਯੂਨੀਵਰਸਿਟੀ ਵਿਚ ਸੀਟੈੱਕ ਦੇ ਨਿਰਦੇਸ਼ਕ ਪ੍ਰੋਫੈਸਕ ਮਨਹਰ ਧਨਕ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਇਹ ਥੁੱਕ ਦੀਆਂ ਬੂੰਦਾਂ ਸਾਹਮਣੇ ਤੇ ਪਿੱਛੇ ਦੋਵੇਂ ਦਿਸ਼ਾਵਾਂ ਵਿਚ ਵੱਡੇ ਪੈਮਾਨੇ ਤੱਕ ਫੈਲਦੀਆਂ ਹਨ। ਹਾਲਾਂਕਿ ਸਮੇਂ ਦੇ ਨਾਲ-ਨਾਲ ਇਹ ਕਮਜ਼ੋਰ ਹੋ ਜਾਂਦੀਆਂ ਹਨ। ਮਾਸਕ ਦੇ ਵਾਲਵ ਰਾਹੀਂ ਇਹ ਬੂੰਦਾਂ ਵਿਅਕਤੀ ਦੀ ਸਾਹ ਨਲੀ ਵਿਚ ਚਲੀਆਂ ਜਾਂਦੀਆਂ ਹਨ। ਇਸੇ ਲਈ ਲੋਕਾਂ ਨੂੰ ਬਿਨਾ ਵਾਲਵ ਵਾਲੇ ਮਾਸਕ ਲਗਾਉਣ ਦੀ ਸਲਾਹ ਦਿੱਤੀ ਗਈ ਹੈ।