ਪਾਕਿਸਤਾਨ ''ਚ ਸ਼ੀਆ ਭਾਈਚਾਰੇ ਦੇ ਜਲੂਸ ''ਤੇ ਕੱਟੜਪੰਥੀ ਇਸਲਾਮੀ ਸਮੂਹ ਦਾ ਹਮਲਾ, 13 ਲੋਕ ਜ਼ਖਮੀ

Monday, Sep 19, 2022 - 05:50 PM (IST)

ਪਾਕਿਸਤਾਨ ''ਚ ਸ਼ੀਆ ਭਾਈਚਾਰੇ ਦੇ ਜਲੂਸ ''ਤੇ ਕੱਟੜਪੰਥੀ ਇਸਲਾਮੀ ਸਮੂਹ ਦਾ ਹਮਲਾ, 13 ਲੋਕ ਜ਼ਖਮੀ

ਸਿਆਲਕੋਟ - ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸ਼ੀਆ ਭਾਈਚਾਰੇ ਦੇ ਇਕ ਜਲੂਸ 'ਤੇ ਕੱਟੜਪੰਥੀ ਇਸਲਾਮੀ ਸਮੂਹ ਦੇ ਕਾਰਕੁਨਾਂ ਨੇ ਹਮਲਾ ਕਰ ਦਿੱਤਾ, ਜਿਸ ਵਿਚ ਘੱਟੋ-ਘੱਟ 13 ਲੋਕ ਜ਼ਖਮੀ ਹੋ ਗਏ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਰੇ 13 ਜ਼ਖਮੀ ਸ਼ੀਆ ਭਾਈਚਾਰੇ ਦੇ ਹਨ, ਜਿਨ੍ਹਾਂ 'ਚੋਂ ਕੁਝ ਦੇ ਸਿਰ 'ਤੇ ਸੱਟ ਲੱਗਣ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਐਫਆਈਆਰ ਅਨੁਸਾਰ, ਸ਼ੀਆ ਭਾਈਚਾਰੇ ਦਾ ਜਲੂਸ ਸ਼ਨੀਵਾਰ ਨੂੰ ਇਮਾਮ ਹੁਸੈਨ ਦੇ ਚੇਹਲਲੂਮ ਦੇ ਸਬੰਧ ਵਿੱਚ ਲਾਹੌਰ ਤੋਂ ਲਗਭਗ 130 ਕਿਲੋਮੀਟਰ ਦੂਰ ਸਿਆਲਕੋਟ ਵਿੱਚ ਇਮਾਮਬਰਗਾਹ (ਅਸੈਂਬਲੀ ਬਿਲਡਿੰਗ) ਵੱਲ ਜਾ ਰਿਹਾ ਸੀ। ਇਸ ਦੌਰਾਨ ਪਿਸਤੌਲਾਂ ਅਤੇ ਪੱਥਰਾਂ ਨਾਲ ਲੈਸ ਵਿਅਕਤੀਆਂ ਦੇ ਇੱਕ ਸਮੂਹ ਨੇ ਸੋਗ ਕਰਨ ਵਾਲਿਆਂ 'ਤੇ ਹਮਲਾ ਕਰ ਦਿੱਤਾ।

ਚੇਹਲਲੁਮ ਸ਼ੀਆ ਭਾਈਚਾਰੇ ਦਾ ਇੱਕ ਧਾਰਮਿਕ ਸਮਾਗਮ ਹੈ, ਜੋ ਪੈਗੰਬਰ ਮੁਹੰਮਦ ਦੇ ਪੋਤੇ ਇਮਾਮ ਹੁਸੈਨ ਦੀ ਸ਼ਹਾਦਤ ਦੀ ਯਾਦ ਦਿਵਾਉਂਦਾ ਹੈ। ਇਮਾਮ ਹੁਸੈਨ ਨੂੰ ਮੁਹੱਰਮ ਦੇ ਮਹੀਨੇ ਦੀ 10 ਤਾਰੀਖ ਨੂੰ ਸ਼ਹੀਦ ਹੋਏ ਸਨ। ਐਫਆਈਆਰ ਮੁਤਾਬਕ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਦਾ ਇਲਾਜ ਹਸਪਤਾਲ ਵਿਚ ਜਾਰੀ ਹੈ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਐਤਵਾਰ ਨੂੰ ਪੀਟੀਆਈ ਨੂੰ ਦੱਸਿਆ ਕਿ ਜਲੂਸ ਦੇ ਰੂਟ ਨੂੰ ਲੈ ਕੇ ਤਹਿਰੀਕ-ਏ-ਲਬੈਇਕ ਪਾਕਿਸਤਾਨ (ਟੀਐਲਪੀ) ਅਤੇ ਸ਼ੀਆ ਕਾਰਕੁਨਾਂ ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਖੇਤਰ ਵਿੱਚ ਤਣਾਅ ਬਣਿਆ ਹੋਇਆ ਸੀ। ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, "ਸਥਾਨਕ ਟੀਐਲਪੀ ਨੇਤਾ ਚਾਹੁੰਦੇ ਸਨ ਕਿ ਸ਼ੀਆ ਜਲੂਸ ਉਨ੍ਹਾਂ ਦੀ ਮਸਜਿਦ-ਕਮ-ਮਦਰੱਸੇ ਦੇ ਸਾਹਮਣੇ ਨਾ ਲੰਘੇ।" ਪਰ ਸ਼ੀਆ ਭਾਈਚਾਰਾ ਇਮਾਮਬਾਰਗਾਹ ਨੂੰ ਉਸੇ ਰਸਤੇ ਜਾਣ ਲਈ ਦ੍ਰਿੜ ਸੀ ਜਿਸ ਰਸਤੇ ਉਹ ਹਰ ਸਾਲ ਜਾਂਦੇ ਸਨ।''

ਅਧਿਕਾਰੀ ਨੇ ਦੱਸਿਆ ਕਿ ਟੀਐਲਪੀ ਕਾਰਕੁਨਾਂ ਦੇ ਇੱਕ ਸਮੂਹ ਨੇ ਸ਼ਹਾਬਪੁਰਾ (ਸਿਆਲਕੋਟ) ਦੇ ਆਲਮ ਚੌਕ ਵਿੱਚ ਆਪਣੇ ਮਦਰੱਸੇ ਤੋਂ ਬਾਹਰ ਆਉਣ ਤੋਂ ਬਾਅਦ ਸੋਗ ਕਰਨ ਵਾਲਿਆਂ 'ਤੇ ਹਮਲਾ ਕੀਤਾ। ਸਿਆਲਕੋਟ ਦੇ ਥਾਣਾ ਮੁਖੀ ਫੈਸਲ ਕਾਮਰਾਨ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ। ਹਾਲਾਂਕਿ ਹਮਲਾਵਰ ਭੱਜਣ ਵਿੱਚ ਕਾਮਯਾਬ ਹੋ ਗਏ।

ਪੁਲਿਸ ਮੁਖੀ ਨੇ ਦੱਸਿਆ ਕਿ 30 ਸ਼ੱਕੀਆਂ 'ਤੇ ਅੱਤਵਾਦ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਅਮਨ ਕਾਨੂੰਨ ਦੇ ਮੱਦੇਨਜ਼ਰ ਇਲਾਕੇ ਵਿੱਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਪੁਲਸ ਟੀਮ ਦਾ ਗਠਨ ਕੀਤਾ ਗਿਆ ਹੈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News