ਇਟਲੀ ਦੇ 'ਕਿੰਗਮੇਕਰ' ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਦਾ ਦੇਹਾਂਤ

Monday, Jun 12, 2023 - 03:28 PM (IST)

ਰੋਮ (ਦਲਵੀਰ ਕੈਂਥ,ਟੇਕ ਚੰਦ ਜਗਤਪੁਰ) ਇਟਲੀ ਦੀ ਸਿਆਸਤ ਵਿੱਚ ਹਮੇਸ਼ਾ ਸਰਗਰਮ ਰਹਿਣ ਵਾਲੇ ਤੇ ਲੋਕਾਂ ਦੇ ਪਿਆਰੇ ਨੇਤਾ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ (86) ਦਾ ਅੱਜ 9:30 ਵਜੇ ਮਿਲਾਨ ਦੇ ਸੈਨ ਰਾਫੇਲ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਇਟਲੀ ਦੀ ਸਿਆਸਤ ਦੇ ਧੂਰੇ ਵਜੋਂ ਜਾਣੀ ਜਾਂਦੀ ਫੋਰਜ਼ਾ ਇਟਾਲੀਆ ਪਾਰਟੀ ਦੇ ਮੁੱਖੀ ਬਰਲੁਸਕੋਨੀ ਪਿਛਲੇ ਸ਼ੁੱਕਰਵਾਰ ਤੋਂ ਹਸਪਤਾਲ ਦਾਖਲ ਸੀ ਕਿਉਂਕਿ ਉਹ ਪੁਰਾਣੀ ਮਾਈਲੋਮੋਨੋਸਾਈਟਿਕ ਲਿਊਕੇਮੀਆ ਨਾਮ ਦੀ ਬਿਮਾਰੀ ਤੋਂ ਪੀੜ੍ਹਤ ਸਨ, ਜਿਸ ਦੀ ਜਾਂਚ, ਟੈਸਟਾਂ ਆਦਿ ਲਈ ਉਹਨਾਂ ਨੂੰ ਹਸਪਤਾਲ ਦਾਖਲ ਕੀਤਾ ਗਿਆ ਸੀ ਇਸ ਬਿਮਾਰੀ ਦੇ ਪ੍ਰਭਾਵ ਕਾਰਨ ਮਰਹੂਮ ਬਰਲੁਸਕੋਨੀ ਦੀ ਹਾਲਤ ਸਥਿਰ ਹੋਣ ਦੀ ਬਜਾਏ ਨਿੰਰਤਰ ਵਿਗੜ ਰਹੀ ਸੀ ਤੇ ਅੱਜ 12 ਜੂਨ ਨੂੰ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ।

PunjabKesari

ਸਿਲਵੀਓ ਬਰਲੁਸਕੋਨੀ ਦੀ ਮੌਤ ਨਾਲ ਪੂਰੇ ਦੇਸ਼ ਵਿੱਚ ਮਾਤਮ ਛਾ ਗਿਆ ਹੈ ਕਿਉਂਕਿ ਉਹ ਇਟਲੀ ਦੇ ਜਿੱਥੇ 4 ਵਾਰ ਪ੍ਰਧਾਨ ਮੰਤਰੀ ਰਹੇ ਉੱਥੇ ਸਿਆਸੀ ਪਾਰਟੀ ਫੋਰਸਾ ਇਟਾਲੀਅਨ ਦੇ ਸੰਸਥਾਪਕ ਵੀ ਸਨ। ਉਹਨਾਂ ਦੇ ਜਾਣ ਨਾਲ ਇੱਕ ਯੁੱਗ ਦਾ ਸੂਰਜ ਡੁੱਬ ਗਿਆ ਹੈ। ਮਰਹੂਮ ਸਿਲਵੀਓ ਬਰਲੁਸਕੋਨੀ ਪਹਿਲੀ ਵਾਰ ਸੰਨ 1994 'ਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਫਿਰ 2001, 2005 ਤੇ 2008 ਵਿੱਚ ਇਟਲੀ ਦੇ ਪ੍ਰਧਾਨ ਮੰਤਰੀ ਬਣੇ। ਉਹ ਅਜਿਹੇ ਰਾਜਨੇਤਾ ਸਨ ਜੋ ਰਿਪਬਲਿਕਨ ਇਟਲੀ ਦੇ ਪ੍ਰਧਾਨ ਮੰਤਰੀ ਦੀ ਭੂਮਿਕਾ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਅਹੁਦੇ ਤੇ ਬਿਰਾਜਮਾਨ ਰਹੇ।ਇਟਲੀ ਦੀ ਰਾਜਨੀਤੀ ਵਿੱਚ ਸਿਲਵੀਓ ਬਰਲੁਸਕੋਨੀ ਨੂੰ ਕਿੰਗਮੇਕਰ ਮੰਨਿਆ ਜਾਂਦਾ ਸੀ ਅਤੇ ਆਪਣੇ ਰਾਜਨੀਤਿਕ ਕੈਰੀਅਰ ਦੇ ਸਿਖਰ 'ਤੇ ਉਹ ਇਟਲੀ ਵਿੱਚ ਸੱਤਾ ਦੇ ਕੇਂਦਰ ਵਿੱਚ ਸੀ।

PunjabKesari

ਅਮਰੀਕਾ ਦੇ ਮੈਗਜ਼ੀਨ ਫੋਰਬਸ ਅਨੁਸਾਰ 7.3 ਬਿਲੀਅਨ ਅਮਰੀਕੀ ਡਾਲਰ (ਲਗਭਗ 6 ਬਿਲੀਅਨ ਯੂਰੋ) ਦੀ ਅਨੁਮਾਨਿਤ ਨਿੱਜੀ ਜਾਇਦਾਦ ਦੇ ਨਾਲ ਬੁਰਲੁਸਕੋਨੀ ਸੰਨ 2021 ਵਿੱਚ ਇਟਲੀ ਦਾ 6ਵਾਂ ਸਭ ਤੋਂ ਅਮੀਰ ਆਦਮੀ ਸੀ ਅਤੇ ਦੁਨੀਆ ਦਾ 318ਵਾਂ ਸਭ ਤੋਂ ਅਮੀਰ ਵਿਅਕਤੀ। ਇਸੇ ਮੈਗਜ਼ੀਨ ਵੱਲੋਂ ਇਟਾਲਵੀ ਰਾਜਨੀਤੀ ਵਿੱਚ ਦੁਨੀਆ ਦੇ ਸਭ ਤੋਂ ਸ਼ਕਤੀਸਾਲੀ ਲੋਕਾਂ ਦੀ ਸੂਚੀ ਵਿੱਚ ਬੁਰਲੁਸਕੋਨੀ ਦਾ 12ਵਾਂ ਸਥਾਨ ਸੀ। ਉਹ 20 ਤੋਂ ਵੱਧ ਅਦਾਲਤੀ ਕੇਸਾਂ ਵਿੱਚ ਉਲਝੇ ਰਹੇ। ਸੰਨ 2013 ਵਿੱਚ ਉਸ ਨੂੰ ਨਿਸ਼ਚਤ ਤੌਰ 'ਤੇ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਟੈਕਸ ਧੋਖਾਧੜੀ ਦੇ ਦੋਸ਼ ਵਿੱਚ ਦੋ ਸਾਲਾਂ ਲਈ ਜਨਤਕ ਅਹੁਦਾ ਸੰਭਾਲਣ ਤੇ ਪਾਬੰਦੀ ਸੀ। ਇਸ ਤਰ੍ਹਾਂ ਸੈਨੇਟਰ ਦੇ ਰੂਪ ਵਿੱਚ ਉਸ ਦੇ ਪ੍ਰਭਾਵ ਨੂੰ ਖ਼ਤਮ ਕਰ ਦਿੱਤਾ ਗਿਆ ਅਤੇ ਦੋ ਚੈਂਬਰਾਂ ਵਿੱਚ ਲਗਭਗ 20 ਸਾਲਾਂ ਦੀ ਨਿਰੰਤਰ ਮੌਜੂਦਗੀ ਤੋਂ ਬਾਅਦ ਇੱਕ ਸੰਸਦ ਮੈਂਬਰ ਬਣਨ ਤੇ ਰੋਕ ਲਗਾ ਦਿੱਤੀ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਖ਼ਿਲਾਫ਼ ਖਾਲਿਸਤਾਨੀ ਵੱਖਵਾਦੀਆਂ ਨੂੰ ਉਤਸ਼ਾਹਿਤ ਕਰਨਾ ਕੈਨੇਡਾ ਸਰਕਾਰ ਦੀ ਖਤਰਨਾਕ ਖੇਡ

ਉਹਨਾਂ ਦੇ ਪ੍ਰਧਾਨ ਮੰਤਰੀ ਹੋਣ ਦਾ ਰਾਜਕਾਲ ਅਪ੍ਰੈਲ 1994 ਤੋਂ ਨਵੰਬਰ 2013 ਤੱਕ 3339 ਦਿਨਾਂ ਦਾ ਰਿਹਾ। ਸੰਨ 2018 ਵਿੱਚ ਇੱਕ ਵਾਰ ਫਿਰ ਉਮੀਦਵਾਰ ਵਜੋਂ ਉਹ 2019 ਦੀਆਂ ਯੂਰਪੀਅਨ ਚੋਣਾਂ ਵਿੱਚ ਯੂਰਪੀਅਨ ਸੰਸਦ ਲਈ ਚੁਣੇ ਗਏ ਸਨ। ਮਿਲਾਨ ਵਿੱਚ 29 ਸਤੰਬਰ 1936 ਨੂੰ ਜਨਮੇਂ ਸਿਲਵੀਓ ਬਰਲੁਸਕੋਨੀ ਦਾ 86 ਸਾਲ ਦੀ ਉਮਰ ਵਿੱਚ 12 ਜੂਨ, 2023 ਨੂੰ ਦਿਹਾਂਤ ਹੋ ਗਿਆ। ਉਹ ਜਿੱਥੇ ਸਫ਼ਲ ਰਾਜਨੀਤਿਕ ਵਜੋਂ ਜਾਣੇ ਜਾਂਦੇ ਸਨ, ਉੱਥੇ ਆਪਣੇ ਰੰਗੀਨ ਮਿਜ਼ਾਜ ਲਈ ਵੀ ਸੁਰੱਖੀਆਂ ਵਿੱਚ ਰਹਿੰਦੇ ਸਨ। ਇੱਥੇ ਇਹ ਜ਼ਿਕਰਯੋਗ ਹੈ ਕਿ ਜਦੋਂ ਵੀ ਮਰਹੂਮ ਬਰਲੁਸਕੋਨੀ ਇਟਲੀ ਦੇ ਪ੍ਰਧਾਨ ਮੰਤਰੀ ਬਣੇ, ਉਹਨਾਂ ਇਟਲੀ ਵਿੱਚ ਗੈਰ ਕਾਨੂੰਨੀ ਪ੍ਰਵਾਸ ਕੱਟ ਰਹੇ ਕਾਮਿਆਂ ਨੂੰ ਇਟਲੀ ਦੇ ਪੇਪਰ ਦੇ ਕੇ ਲੱਖਾਂ ਲੋਕਾਂ ਨੂੰ ਰੋਜੀ ਰੋਟੀ ਕਮਾਉਣ ਜੋਗੇ ਕੀਤਾ। ਇਸ ਲਈ ਉਹ ਪਰਵਾਸੀਆਂ ਦੇ ਵੀ ਪਿਆਰੇ ਨੇਤਾ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News