ਦੁਨੀਆ ’ਚ ਹਰ 10 ਮਿੰਟ ’ਚ ਨਜ਼ਦੀਕੀ ਹੀ ਕਰ ਦਿੰਦੇ ਹਨ ਇਕ ਔਰਤ ਜਾਂ ਲੜਕੀ ਦਾ ਕਤਲ

Thursday, Nov 27, 2025 - 02:54 AM (IST)

ਦੁਨੀਆ ’ਚ ਹਰ 10 ਮਿੰਟ ’ਚ ਨਜ਼ਦੀਕੀ ਹੀ ਕਰ ਦਿੰਦੇ ਹਨ ਇਕ ਔਰਤ ਜਾਂ ਲੜਕੀ ਦਾ ਕਤਲ

ਨਿਊਯਾਰਕ - ਦੁਨੀਆ ਵਿਚ ਹਰ 10 ਮਿੰਟ ’ਚ ਇਕ ਔਰਤ ਜਾਂ ਕੁੜੀ ਦਾ ਉਸ ਦੇ ਸਾਥੀ ਜਾਂ ਪਰਿਵਾਰਕ ਮੈਂਬਰਾਂ ਵੱਲੋਂ ਹੀ ਕਤਲ ਕਰ ਦਿੱਤਾ ਜਾਂਦਾ ਹੈ, ਭਾਵ ਕਿ ਔਸਤਨ ਰੋਜ਼ਾਨਾ 137 ਔਰਤਾਂ ਜਾਂ ਕੁੜੀਆਂ ਦਾ ਕਤਲ ਕੀਤਾ ਜਾਂਦਾ ਹੈ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਇਕ ਨਵੇਂ ਅੰਕੜਿਆਂ ’ਚ ਸਾਹਮਣੇ ਆਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਲਿੰਗ ਆਧਾਰ ’ਤੇ ਦੁਨੀਆ ਭਰ ’ਚ ਹਜ਼ਾਰਾਂ ਔਰਤਾਂ ਅਤੇ ਕੁੜੀਆਂ ਦੀਆਂ ਜਾਨਾਂ ਜਾ ਰਹੀਆਂ ਹਨ ਅਤੇ ਇਸ ’ਚ ਕੋਈ ਵਾਸਤਵਿਕ ਪ੍ਰਗਤੀ ਨਹੀਂ ਹੋ ਰਹੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਸਾਲ 83,000 ਔਰਤਾਂ ਅਤੇ ਕੁੜੀਆਂ ਦੀ ਜਾਣਬੁੱਝ ਕੇ ਹੱਤਿਆ ਕੀਤੀ ਗਈ। ਇਨ੍ਹਾਂ ’ਚੋਂ 60 ਫੀਸਦੀ ਭਾਵ 50,000 ਔਰਤਾਂ ਅਤੇ ਕੁੜੀਆਂ ਦੀ ਹੱਤਿਆ ਉਨ੍ਹਾਂ ਦੇ ਨਜ਼ਦੀਕੀ ਸਾਥੀਆਂ ਜਾਂ ਪਰਿਵਾਰਕ ਮੈਂਬਰਾਂ ਦੇ ਹੱਥੋਂ ਹੋਈ।

ਲੜਕੀਆਂ ਲਈ ਘਰ ਹੀ ਖਤਰਨਾਕ ਸਥਾਨ
ਯੂ. ਐੱਨ. ਓ. ਡੀ. ਸੀ. ਦੇ ਕਾਰਜਕਾਰੀ ਨਿਰਦੇਸ਼ਕ ਜੌਹਨ ਬ੍ਰੈਂਡੋਲੀਨੋ ਨੇ ਕਿਹਾ ਕਿ ਦੁਨੀਆ ਭਰ ’ਚ ਬਹੁਤ ਸਾਰੀਆਂ ਔਰਤਾਂ ਅਤੇ ਕੁੜੀਆਂ ਲਈ ਘਰ ਖਤਰਨਾਕ ਅਤੇ ਕਈ ਵਾਰ ਜਾਨਲੇਵਾ ਸਥਾਨ ਬਣਿਆ ਹੋਇਆ ਹੈ। ਬ੍ਰੈਂਡੋਲੀਨੋ ਨੇ ਮਹਿਲਾ ਹੱਤਿਆ ਲਈ ਬਿਹਤਰ ਰੋਕਥਾਮ ਰਣਨੀਤੀਆਂ ਅਤੇ ਅਪਰਾਧਿਕ ਨਿਆਂ ਪ੍ਰਤੀਕਿਰਿਆਵਾਂ ਦੀ ਲੋੜ ’ਤੇ ਜ਼ੋਰ ਦਿੱਤਾ, ਜੋ ਉਨ੍ਹਾਂ ਸਥਿਤੀਆਂ ਧਿਆਨ ’ਚ ਰੱਖਣ ਜੋ ਹਿੰਸਾ ਨੂੰ ਉਤਸ਼ਾਹਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਡਿਜੀਟਲ ਹਿੰਸਾ ਅਕਸਰ ਸਿਰਫ ‘ਆਨਲਾਈਨ’ ਤੱਕ ਹੀ ਸੀਮਿਤ ਨਹੀਂ ਰਹਿੰਦੀ ਅਤੇ ਇਹ ‘ਆਫਲਾਈਨ’ ਵਧ ਸਕਦੀ ਹੈ ਅਤੇ ਗੰਭੀਰ ਮਾਮਲਿਆਂ ’ਚ ਇਸ ਨਾਲ ਜਾਨਲੇਵਾ ਨੁਕਸਾਨ, ਜਿਸ ’ਚ ਔਰਤਾਂ ਦਾ ਕਤਲ ਵੀ ਸ਼ਾਮਲ ਹੈ, ਹੋਣ ਦਾ ਖਤਰਾ ਹੁੰਦਾ ਹੈ।

ਅਫਰੀਕਾ ’ਚ ਹੱਤਿਆ ਦੀ ਦਰ ਸਭ ਤੋਂ ਜ਼ਿਆਦਾ
ਔਰਤਾਂ ਅਤੇ ਕੁੜੀਆਂ ਨੂੰ ਦੁਨੀਆ ਦੇ ਹਰ ਖੇਤਰ ’ਚ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਅਨੁਮਾਨ ਹੈ ਕਿ ਕਿਸੇ ਨਜ਼ਦੀਕੀ ਸਾਥੀ ਜਾਂ ਪਰਿਵਾਰਕ ਮੈਂਬਰ ਦੇ ਹੱਥੋਂ ਸਭ ਤੋਂ ਜ਼ਿਆਦਾ ਨਾਰੀ ਹੱਤਿਆ (ਫੇਮੀਸਾਈਡ) ਦਰ ਅਫ਼ਰੀਕਾ ’ਚ ਪ੍ਰਤੀ 100,000 ਔਰਤ ਆਬਾਦੀ ’ਤੇ 3 ਰਹੀ ਹੈ, ਇਸ ਤੋਂ ਬਾਅਦ ਅਮਰੀਕਾ (1.5), ਓਸ਼ੀਨੀਆ (1.4), ਏਸ਼ੀਆ (0.7) ਅਤੇ ਯੂਰਪ (0.5) ਦਾ ਸਥਾਨ ਹੈ।


author

Inder Prajapati

Content Editor

Related News