ਬੇਲਾਰੂਸ ’ਚ ਪੱਤਰਕਾਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਯੂਰਪੀ ਦੇਸ਼ਾਂ ’ਚ ਫੈਲੀ ਗੁੱਸੇ ਦੀ ਲਹਿਰ, ਰੱਦ ਕੀਤੀਆਂ ਉਡਾਣਾਂ
Thursday, May 27, 2021 - 08:08 PM (IST)
ਇੰਟਰਨੈਸ਼ਨਲ ਡੈਸਕ : ਬੇਲਾਰੂਸ ’ਚ ਇਸ ਸਮੇਂ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ ਤੇ ਉਥੇ ਆਏ ਦਿਨ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਇਸੇ ਤਰ੍ਹਾਂ ਦੇ ਇਕ ਮਾਮਲੇ ’ਚ ਸਰਕਾਰ ਦੀ ਆਲੋਚਨਾ ਕਰਨ ਵਾਲੇ ਪੱਤਰਕਾਰ ਰੋਮਨ ਪ੍ਰੋਤਸੇਵਿਕ ਨੂੰ ਗ੍ਰਿਫ਼ਤਾਰ ਕਰਨ ਲਈ ਜਹਾਜ਼ ਦੀ ਜ਼ਬਰਦਸਤੀ ਲੈਂਡਿੰਗ ਕਰਵਾਉਣ ਦੀ ਅਸਾਧਾਰਨ ਘਟਨਾ ਨੇ ਦੁਨੀਆ ਦੇ ਕਈ ਦੇਸ਼ਾਂ ’ਚ ਗੁੱਸਾ ਦੀ ਲਹਿਰ ਪੈਦਾ ਕਰ ਦਿੱਤੀ ਹੈ। ਇਸ ਘਟਨਾ ਦੇ ਵਿਰੋਧ ’ਚ ਕਈ ਦੇਸ਼ਾਂ ਨੇ ਸਖਤ ਪ੍ਰਤੀਕਿਰਿਆ ਵਜੋਂ ਬੇਲਾਰੂਸ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ’ਚ ਯੂਰਪ ਦੇ 27 ਦੇਸ਼ਾਂ ਨੇ ਇਕੱਠੇ ਤੌਰ ’ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ। ਇਸ ਦਰਮਿਆਨ ਅਮਰੀਕਾ ਨੇ ਵੀ ਬੇਲਾਰੂਸ ’ਤੇ ਲਾਈਆਂ ਗਈਆਂ ਪਾਬੰਦੀਆਂ ਦਾ ਸਵਾਗਤ ਕੀਤਾ ਹੈ। ਯੂਰਪੀਅਨ ਯੂਨੀਅਨ ਦੀ ਬ੍ਰਸੇਲਜ਼ ’ਚ ਹੋਈ ਬੈਠਕ ’ਚ ਇਹ ਅਹਿਮ ਫੈਸਲਾ ਲਿਆ ਗਿਆ।
ਇਹ ਵੀ ਪੜ੍ਹੋ: ਫਿਲਸਤੀਨ-ਇਜ਼ਰਾਈਲ ਸੰਘਰਸ਼ : ਧੀਆਂ-ਪੁੱਤਾਂ ਦੇ ਹਤਿਆਰਿਆਂ ਨੂੰ ਮਾਪਿਆਂ ਕੀਤਾ ਮੁਆਫ਼, ਬਣਾਇਆ ‘ਪੇਰੈਂਟਸ ਸਰਕਲ’
ਯੂਰਪੀਅਨ ਯੂਨੀਅਨ ਦੇ ਨੇਤਾਵਾਂ ਨੇ ਯੂਰਪੀਅਨ ਦੇਸ਼ਾਂ ਦੀਆਂ ਸਾਰੀਆਂ ਏਅਰਲਾਈਨਜ਼ ਨੂੰ ਬੇਲਾਰੂਸ ਤੋਂ ਉਡਾਉਣ ਤੋਂ ਰੱਦ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਬੇਲਾਰੂਸ ਦੀਆਂ ਸਾਰੀਆਂ ਏਅਰਲਾਈਨਜ਼ ਦੀਆਂ ਉਡਾਣਾਂ ਨੂੰ ਆਪਣੇ ਇਥੇ ਉਤਰਨ ’ਤੇ ਵੀ ਪਾਬੰਦੀ ਲਾ ਦਿੱਤੀ ਹੈ। ਇਨ੍ਹਾਂ ’ਚ ਏਅਰ ਫਰਾਂਸ, ਕੇ. ਐੱਲ. ਐੱਮ. ਫਿਨ ਏਅਰ, ਲੁਫਥਾਂਸਾ ਤੇ ਆਸਟਰੇਲੀਅਨ ਏਅਰਲਾਈਨਜ਼ ਵੀ ਸ਼ਾਮਲ ਹੋ ਗਈਆਂ ਹਨ। ਯੂਰਪੀਅਨ ਯੂਨੀਅਨ ਵੱਲੋਂ ਲਾਈਆਂ ਗਈਆਂ ਇਸ ਤਰ੍ਹਾਂ ਦੀਆਂ ਪਾਬੰਦੀਆਂ ਤੋਂ ਬਾਅਦ ਬੇਲਾਰੂਸ ਪੂਰੀ ਤਰ੍ਹਾਂ ਅਲੱਗ-ਥਲੱਗ ਪੈ ਗਿਆ ਹੈ। ਬੇਲਾਰੂਸ ਦੇ ਸੱਤਾਧਾਰੀ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੇਂਕੋ ਪਹਿਲਾਂ ਹੀ ਪੱਛਮੀ ਦੇਸ਼ਾਂ ਦੀਆਂ ਸਖਤ ਪਾਬੰਦੀਆਂ ਝੱਲਣ ਨੂੰ ਮਜਬੂਰ ਹਨ। ਉਨ੍ਹਾਂ ’ਤੇ ਪਿਛਲੇ ਸਾਲ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਅੱਤਿਆਚਾਰਾਂ ਨਾਲ ਕੁਚਲਣ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲਾਏ ਗਏ ਸਨ।