ਯੂਰਪ ਦੇ 193 ਹਵਾਈ ਅੱਡੇ ਮੰਦਹਾਲੀ ਦੀ ਕਗਾਰ ''ਤੇ, ਹਜ਼ਾਰਾਂ ਕਾਮਿਆਂ ਦਾ ਭਵਿੱਖ ਧੁੰਦਲਾ

Wednesday, Oct 28, 2020 - 04:30 PM (IST)

ਯੂਰਪ ਦੇ 193 ਹਵਾਈ ਅੱਡੇ ਮੰਦਹਾਲੀ ਦੀ ਕਗਾਰ ''ਤੇ, ਹਜ਼ਾਰਾਂ ਕਾਮਿਆਂ ਦਾ ਭਵਿੱਖ ਧੁੰਦਲਾ

ਰੋਮ, (ਦਲਵੀਰ ਕੈਂਥ)- ਇਟਲੀ ਸਰਕਾਰ ਜਿੱਥੇ ਦੇਸ਼ ਵਿਚ ਵੱਧ ਰਹੇ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀ ਹੈ, ਉੱਥੇ ਹੀ ਸਰਕਾਰ ਨੇ ਦੇਸ਼ ਦੇ ਬਾਸ਼ਿੰਦਿਆਂ ਨੂੰ ਦੇਸ਼ ਤੋਂ ਬਾਹਰ ਜਾਣ ਲਈ ਵੀ ਸੰਕੋਚ ਕਰਨ ਵੱਲ ਧਿਆਨ ਦੇਣ ਲਈ ਕਿਹਾ ਹੈ। ਦੁੱਖ ਦੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੇਸ਼ ਵਿਚ ਕੋਵਿਡ-19 ਕਾਰਨ ਸਖ਼ਤੀ ਕੀਤੀ ਜਾ ਰਹੀ ਹੈ, ਆਮ ਲੋਕਾਂ ਦਾ ਲਘੂ ਕਾਰੋਬਾਰ ਉੱਜੜਨ ਕਿਨਾਰੇ ਹੈ। ਇਸ ਉਜਾੜੇ ਤੋਂ ਸਰਕਾਰ ਨੂੰ ਜਾਣੂ ਕਰਵਾਉਣ ਲਈ ਬੀਤੇ ਦਿਨ ਦੇਸ਼ ਭਰ ਵਿਚ ਰੋਸ-ਮੁਜਹਾਰੇ ਵੀ ਹੋਏ ਹਨ।

ਅਜਿਹੇ ਹਲਾਤਾਂ ਵਿਚ ਯੂਰਪ ਭਰ ਦੇ 740 ਹਵਾਈ ਅੱਡਿਆਂ ਵਿੱਚੋਂ 193 ਹਵਾਈ ਅੱਡੇ ਅਜਿਹੇ ਹਨ, ਜਿਹੜੇ ਕਿ ਉੱਜੜਨ ਕਿਨਾਰੇ ਹਨ ਕਿਉਂਕਿ ਯੂਰਪ ਭਰ ਵਿਚ ਹਵਾਈ ਸੇਵਾਵਾਂ ਵਿਚ ਵੱਡੇ ਪੱਧਰ 'ਤੇ ਆਈ ਗਿਰਾਵਟ ਹਵਾਈ ਅੱਡੇ ਦੀ ਆਮਦਨੀ ਨੂੰ ਤਹਿਸ-ਨਹਿਸ ਕਰ ਰਹੀ ਹੈ। ਏਅਰਪੋਰਟ ਕੌਂਸਲ ਇੰਟਰਨੈਸ਼ਨਲ ਯੂਰਪ (ਜਿਹੜਾ ਕਿ ਹਵਾਈ ਅੱਡੇ ਅਪ੍ਰੇਟਰਾਂ ਦੀ ਅਗਵਾਈ ਕਰਦਾ ਹੈ )ਨੇ ਕਿਹਾ ਕਿ ਜੇਕਰ ਇਸ ਸਾਲ ਦੇ ਆਖ਼ਰ ਤੱਕ ਯੂਰਪ ਭਰ ਦੇ ਹਵਾਈ ਅੱਡੇ ਉਪੱਰ ਆਵਾਜਾਈ ਬਿਹਤਰ ਨਾ ਹੋਈ ਤਾਂ ਯੂਰਪ ਦੇ 193 ਏਅਰਪੋਰਟਾਂ ਨੂੰ ਵੱਡੇ ਪੱਧਰ ਉੱਤੇ ਨੁਕਸਾਨ ਝੱਲਣਾ ਪੈ ਸਕਦਾ ਹੈ ਕਿਉਂਕਿ ਕਿ ਪ੍ਰਭਾਵਿਤ ਹਵਾਈ ਅੱਡੇਉੱਪਰ 2,77,000 ਲੋਕਾਂ ਦਾ ਰੁਜ਼ਗਰ ਚੱਲਦਾ ਹੈ, ਜਿਹਨਾਂ ਨੂੰ ਕਿ ਸਲਾਨਾ 12.4 ਬਿਲੀਅਨ ਯੂਰੋ ਦੀ ਕਮਾਈ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਭਾਰਤ ਨੇ ਕੌਮਾਂਤਰੀ ਉਡਾਣਾਂ 'ਤੇ ਲਾਈ ਰੋਕ ਇਸ ਤਾਰੀਖ਼ ਤੱਕ ਵਧਾਈ

ਹਵਾਈ ਅੱਡਾ ਕੌਂਸਲ ਇੰਟਰਨੈਸ਼ਨਲ ਯੂਰਪ ਦੇ ਡਾਇਰੈਕਟ ਜਨਰਲ ਓਲੀਵੀਅਰ ਜਾਨਕੋਵੈਕਨੇ ਕਿਹਾ ਕਿ ਹਵਾਬਾਜ਼ੀ ਉਦਯੋਗ ਵਿਚ ਕੋਵਿਡ-19 ਕਾਰਨ ਆਈ ਹੈਰਾਨੀਜਨਕ ਗਿਰਾਵਟ ਉਦਯੋਗ ਦੀ ਤਸਵੀਰ ਨੂੰ ਬਹੁਤ ਹੀ ਧੁੰਦਲਾ ਕਰਦੀ ਹੈ। ਇਸ ਗਿਰਾਵਟ ਕਾਰਨ ਪਹਿਲਾਂ ਹੀ ਹਜ਼ਾਰਾਂ ਕਾਮਿਆਂ ਨੂੰ ਆਪਣੇ ਰੁਜਗਾਰ ਤੋਂ ਹੱਥ ਧੋਣੇ ਪੈ ਚੁੱਕੇ ਹਨ ਤੇ ਜੇਕਰ ਸਿਲਸਿਲਾ ਇੰਝ ਹੀ ਚੱਲਦਾ ਰਿਹਾ ਤਾਂ ਨਤੀਜੇ ਚਿੰਤਾਜਨਕ ਹੋ ਸਕਦੇ ਹਨ। ਯੂਰਪ ਭਰ ਵਿਚ ਕੋਵਿਡ-19 ਦੀ ਦੂਜੀ ਲਹਿਰ ਜ਼ੋਰਾਂ 'ਤੇ ਹੈ ਤੇ ਇਸ ਲਹਿਰ ਵਿੱਚ  ਲੋਕਾਂ ਨੂੰ ਯਾਤਰਾ ਦੌਰਾਨ ਸੁਰੱਖਿਅਤ ਕਰਨਾ ਉਹਨਾਂ ਦੀ ਅਹਿਮ ਜਿੰਮੇਵਾਰੀ ਹੈ।ਇਸ ਦੌਰ ਵਿੱਚ ਲੋਕਾਂ ਦਾ ਕੋਵਿਡ ਟੈਸਟ ਕਰਨਾ ਇੱਕ ਚੰਗਾ ਉਪਰਾਲਾ ਹੈ ਬਜਾਏ ਇਸ ਦੇ ਕਿ ਉਹਨਾਂ ਨੂੰ ਘਰਾਂ ਵਿਚ ਅਗਿਆਤਵਾਸ ਕੀਤਾ ਜਾਵੇ। ਕੌਂਸਲ ਆਗੂ ਨੇ ਕਿਹਾ ਕਿ ਇਸ ਸਮੇਂ ਸਭ ਤੋਂ ਵੱਧ ਮੰਦਹਾਲੀ ਵੱਲ ਯੂਰਪ ਦੇ ਛੋਟੇ ਏਅਰਪੋਰਟ ਜਾ ਰਹੇ ਹਨ ਜਿਹੜੇ ਕਿ ਆਵਾਜਾਈ ਨਾਂਹ ਦੇ ਬਰਾਬਰ ਹੋਣ ਕਾਰਨ ਉਜਾੜੇ ਵੱਲ ਵੱਧ ਰਹੇ ਹਨ। ਜੇਕਰ ਇਸ ਸਾਲ ਦੇ ਅਖੀਰ ਵਿਚ ਹਵਾਈ ਅੱਡਿਆਂ ਉਪੱਰ ਆਵਾਜਾਈ ਦੀ ਹਾਲਤ ਠੀਕ ਨਾ ਹੋਈ ਤਾਂ ਉਨ੍ਹਾਂ ਨੂੰ ਕਾਫ਼ੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
 


author

Sanjeev

Content Editor

Related News