ਯੂਰਪੀ ਯੂਨੀਅਨ ''ਚ ਉੱਠਿਆ ਪਾਕਿਸਤਾਨ ''ਚ ਜਨਾਨੀਆਂ ''ਤੇ ਹਿੰਸਾ ਦਾ ਮੁੱਦਾ

Thursday, Nov 19, 2020 - 12:01 PM (IST)

ਯੂਰਪੀ ਯੂਨੀਅਨ ''ਚ ਉੱਠਿਆ ਪਾਕਿਸਤਾਨ ''ਚ ਜਨਾਨੀਆਂ ''ਤੇ ਹਿੰਸਾ ਦਾ ਮੁੱਦਾ

ਇਸਲਾਮਾਬਾਦ- ਪਾਕਿਸਤਾਨ ਵਿਚ ਜਨਾਨੀਆਂ ਦੀ ਅਸੁਰੱਖਿਆ ਨੂੰ ਲੈ ਕੇ ਯੂਰਪੀ ਯੂਨੀਅਨ ਸੰਸਦ ਵਿਚ ਚਰਚਾ ਹੋਈ ਤੇ ਕਿਹਾ ਗਿਆ ਕਿ ਇੱਥੇ ਜਨਾਨੀਆਂ ਨੂੰ ਸੁਰੱਖਿਆ ਨਹੀਂ ਮਿਲ ਰਹੀ। ਉਨ੍ਹਾਂ ਇੱਥੇ ਲਾਹੌਰ ਵਿਚ ਬੇਰਹਿਮੀ ਨਾਲ ਬੱਚਿਆਂ ਸਾਹਮਣੇ ਇਕ ਮਾਂ ਦੇ ਬਲਾਤਕਾਰ ਦੀ ਗੱਲ ਵੀ ਕੀਤੀ, ਜਿਸ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਦੱਸ ਦਈਏ ਕਿ 8-9 ਸਤੰਬਰ ਦੀ ਰਾਤ ਨੂੰ ਲਾਹੌਰ ਵਿਚ 3 ਬੱਚਿਆਂ ਦੀ ਮਾਂ ਗੱਡੀ ਵਿਚ ਬੱਚਿਆਂ ਨਾਲ ਜਾ ਰਹੀ ਸੀ ਪਰ ਰਸਤੇ ਵਿਚ ਉਸ ਦੀ ਗੱਡੀ ਖਰਾਬ ਹੋ ਗਈ ਤੇ ਉਹ ਮਦਦ ਮੰਗਣ ਲਈ ਉਡੀਕ ਕਰ ਰਹੀ ਸੀ। ਇਸ ਦੌਰਾਨ ਦੋ ਹਥਿਆਰਬੰਦ ਵਿਅਕਤੀਆਂ ਨੇ ਜਨਾਨੀ ਨੂੰ ਗੱਡੀ ਵਿਚੋਂ ਕੱਢ ਕੇ ਖੇਤ ਵਿਚ ਸੁੱਟ ਕੇ ਉਸ ਨਾਲ ਜ਼ਬਰ-ਜਨਾਹ ਕੀਤਾ। ਉਸ ਸਮੇਂ ਉਸ ਦੇ ਬੱਚੇ ਵੀ ਮੌਜੂਦ ਸਨ।

ਇਸ ਜਨਾਨੀ ਦੇ ਰਿਸ਼ਤੇਦਾਰਾਂ ਨੇ ਜਦ ਗੁਜਰਾਪੁਰਾ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਕਰਵਾਈ ਤਾਂ ਪੁਲਸ ਅਧਿਕਾਰੀ ਨੇ ਵਿਵਾਦਤ ਬਿਆਨ ਦਿੱਤਾ, ਜਿਸ ਕਾਰਨ ਹਰ ਪਾਸੇ ਉਸ ਦੀ ਨਿੰਦਾ ਹੋਈ। ਉਸ ਨੇ ਕਿਹਾ ਕਿ ਇਹ ਇਲਾਕਾ ਉਸ ਦੇ ਸਟੇਸ਼ਨ ਦੇ ਅੰਦਰ ਨਹੀਂ ਆਉਂਦਾ ਤੇ ਇਕ ਜਨਾਨੀ ਕਾਰ ਰਾਹੀਂ ਰਾਤ ਨੂੰ ਜਾ ਰਹੀ ਸੀ ਤਾਂ ਉਸ ਨੂੰ ਪਹਿਲਾਂ ਦੇਖਣਾ ਚਾਹੀਦਾ ਸੀ ਕਿ ਗੱਡੀ ਵਿਚ ਪੈਟਰੋਲ ਹੈ ਜਾਂ ਨਹੀਂ ਤੇ ਇਸ ਵਿਚ ਕੋਈ ਖਰਾਬੀ ਤਾਂ ਨਹੀਂ। ਉਸ ਨੇ ਜਨਾਨੀ ਦਾ ਦੋਸ਼ ਕੱਢਿਆ ਸੀ, ਜਿਸ ਕਾਰਨ ਉਸ ਦੀ ਕਾਫੀ ਨਿੰਦਾ ਹੋਈ। 

ਸੋਮਵਾਰ ਨੂੰ ਕਮਿਸ਼ਨ ਦੇ ਉਪ ਮੁਖੀ ਅਤੇ ਵਿਦੇਸ਼ੀ ਮਾਮਲਿਆਂ ਤੇ ਸੁਰੱਖਿਆ ਨੀਤੀ ਲਈ ਯੂਨੀਅਨ ਦੇ ਉੱਚ ਪ੍ਰਤੀਨਿਧੀ ਜੋਸਪ ਬੋਰੇਲ ਨੂੰ ਸੰਸਦ ਮੈਂਬਰਾਂ ਨੇ ਪੁੱਛਿਆ ਕਿ ਕੀ ਉਹ ਪਾਕਿਸਤਾਨ ਵਿਚ ਵਾਪਰੀ ਇਸ ਅਣਮਨੁੱਖੀ ਘਟਨਾ ਦੀ ਨਿੰਦਾ ਕਰਦੇ ਹਨ । ਉਨ੍ਹਾਂ ਮੰਗ ਕੀਤੀ ਕਿ ਪਾਕਿਸਤਾਨ ਵਿਚ ਜਨਾਨੀਆਂ ਨੂੰ ਸੁਰੱਖਿਆ ਦੇਣ ਲਈ ਨਵੇਂ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਦੀ ਸਥਿਤੀ ਵਿਚ ਸੁਧਾਰ ਹੋ ਸਕੇ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਸਭ ਤੋਂ ਵੱਧ ਜ਼ੁਲਮ ਦੀਆਂ ਸ਼ਿਕਾਰ ਕੁੜੀਆਂ ਤੇ ਜਨਾਨੀਆਂ ਹੁੰਦੀਆਂ ਹਨ। ਕਦੇ ਉਨ੍ਹਾਂ ਦਾ ਜਿਣਸੀ ਸ਼ੋਸ਼ਣ ਹੁੰਦਾ ਹੈ ਤੇ ਕਦੇ ਸਿੱਖਿਆ ਤੋਂ ਵਾਂਝੇ ਰੱਖ ਕੇ ਜ਼ਬਰਦਸਤੀ ਵਿਆਹ ਕਰਵਾ ਦਿੱਤਾ ਜਾਂਦਾ ਹੈ। ਕਈ ਵਾਰ ਜਿਣਸੀ ਸ਼ੋਸ਼ਣ ਮਗਰੋਂ ਉਨ੍ਹਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ। 


author

Lalita Mam

Content Editor

Related News