ਇਤੀਹਾਦ ਦਾ ਸਖਤ ਕਦਮ, 2020 ਦੇ ਅਖੀਰ ਤੱਕ ਕਰਮਚਾਰੀਆਂ ਦੀ ਤਨਖਾਹ 'ਚ ਹੋਵੇਗੀ ਕਟੌਤੀ

Monday, Sep 07, 2020 - 09:35 AM (IST)

ਇਤੀਹਾਦ ਦਾ ਸਖਤ ਕਦਮ, 2020 ਦੇ ਅਖੀਰ ਤੱਕ ਕਰਮਚਾਰੀਆਂ ਦੀ ਤਨਖਾਹ 'ਚ ਹੋਵੇਗੀ ਕਟੌਤੀ

ਆਬੂਧਾਬੀ- ਇਤੀਹਾਦ ਏਅਰਵੇਜ਼ ਨੇ ਆਪਣੇ ਕਰਮਚਾਰੀਆਂ ਦੀ ਤਨਖਾਹ ਵਿਚ ਕਟੌਤੀ ਜਾਰੀ ਰੱਖੀ ਹੈ ਤੇ ਇਸ ਦੀ ਮਿਆਦ 2020 ਦੇ ਅਖੀਰ ਤੱਕ ਵਧਾ ਦਿੱਤੀ ਹੈ। ਇਸ ਦੀ ਜਾਣਕਾਰੀ ਏਅਰਲਾਈਨਸ ਦੇ ਇਕ ਬੁਲਾਰੇ ਨੇ ਖਲੀਜ਼ ਟਾਈਮਸ ਨੂੰ ਦਿੱਤੀ ਹੈ।

ਹਾਲਾਂਕਿ, ਆਬੂ ਧਾਬੀ-ਅਧਾਰਤ ਏਅਰਲਾਈਨ ਨੇ ਸਾਰੇ ਸਟਾਫ ਭੱਤੇ ਦੁਬਾਰਾ ਪੇਸ਼ ਕੀਤੇ ਹਨ ਤੇ ਤਨਖਾਹ ਵਿਚ ਕਟੌਤੀ ਪਹਿਲਾਂ ਦੇ 25-50 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰ ਦਿੱਤੀ ਹੈ। ਸੋਧਿਆ ਹੋਇਆ ਤਨਖਾਹ ਢਾਂਚਾ 1 ਸਤੰਬਰ 2020 ਤੋਂ ਲਾਗੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਏਅਰਲਾਈਨ ਨੇ ਕਿਹਾ ਕਿ ਪਿਛਲੇ ਪੰਜ ਮਹੀਨਿਆਂ ਦੌਰਾਨ ਪੂਰੇ ਇਤੀਹਾਦ ਦੇ ਕਰਮਚਾਰੀਆਂ ਵਲੋਂ ਦਿਖਾਈ ਗਈ ਵਚਨਬੱਧਤਾ ਤੇ ਸਮਰਪਣ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਹੈ। 

ਕੋਰੋਨਵਾਇਰਸ ਮਹਾਮਾਰੀ ਨਾਲ ਹਵਾਬਾਜ਼ੀ ਖੇਤਰ 'ਤੇ ਅਸਰ ਪੈਣ ਦੇ ਨਤੀਜੇ ਵਜੋਂ ਜੂਨ ਵਿਚ, ਇਤੀਹਾਦ ਨੇ ਆਪਣੇ ਕਰਮਚਾਰੀਆਂ ਦੀ ਤਨਖਾਹ ਵਿਚ ਕਟੌਤੀ ਦਾ ਵਾਧਾ ਸਤੰਬਰ 2020 ਤੱਕ ਕੀਤਾ ਸੀ, ਕਿਉਂਕਿ ਕਈ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ। ਜੂਨੀਅਰ ਸਟਾਫ ਤੇ ਕੈਬਿਨ ਚਾਲਕਾਂ ਦੀ ਤਨਖਾਹ ਵਿਚ ਤਕਰੀਬਨ 25 ਤੋਂ 50 ਫੀਸਦੀ ਤੱਕ ਦੀ ਕਟੌਤੀ ਕੀਤੀ ਗਈ ਸੀ। ਯੂ.ਏ.ਈ. ਦੇ ਰਾਸ਼ਟਰੀ ਕੈਰੀਅਰ ਕੋਲ ਪਿਛਲੇ ਸਾਲ 20,500 ਕਰਮਚਾਰੀ ਸਨ।

ਯੂ.ਏ.ਈ. ਦੇ ਦੂਜੇ ਕੈਰੀਅਰਾਂ ਨੇ ਵੀ ਫਲਾਈਟਾਂ ਬੰਦ ਹੋਣ ਕਾਰਣ ਖਰਚੇ ਘਟਾਉਣ ਲਈ ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਕਟੌਤੀ ਕੀਤੀ ਸੀ ਤੇ ਕਈ ਕਰਮਚਾਰੀਆਂ ਨੂੰ ਲੰਬੀ ਛੁੱਟੀ 'ਤੇ ਭੇਜ ਦਿੱਤਾ ਸੀ। ਇਸੇ ਦੌਰਾਨ ਸ਼ਨੀਵਾਰ ਨੂੰ ਅਮੀਰਾਤ ਏਅਰਲਾਈਨ ਨੇ ਪੁਸ਼ਟੀ ਕੀਤੀ ਕਿ ਉਹ ਅਗਲੇ ਮਹੀਨੇ ਤੋਂ ਆਪਣੇ ਕਰਮਚਾਰੀਆਂ ਦੀਆਂ ਪੂਰੀਆਂ ਤਨਖਾਹਾਂ ਬਹਾਲ ਕਰੇਗੀ।


author

Baljit Singh

Content Editor

Related News