ਯੂ. ਕੇ. : 39 ਪ੍ਰਵਾਸੀਆਂ ਦੀ ਮੌਤ ਦੇ ਦੋਸ਼ ''ਚ ਤਸਕਰੀ ਗਿਰੋਹ ਨੂੰ ਜੇਲ੍ਹ
Saturday, Jan 23, 2021 - 09:13 PM (IST)

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਦੇ ਤਸਕਰੀ ਕਰਨ ਵਾਲੇ ਇਕ ਗਿਰੋਹ ਦੇ ਮੈਂਬਰਾਂ ਨੂੰ ਏਸੇਕਸ ਵਿਚ ਇਕ ਟਰੱਕ 'ਚ 39 ਪ੍ਰਵਾਸੀਆਂ ਦੀ ਤਸਕਰੀ ਦੌਰਾਨ ਆਕਸੀਜਨ ਦੀ ਘਾਟ ਨਾਲ ਹੋਈ ਮੌਤ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸ ਹਾਦਸੇ ਦੇ ਪੀੜਤ ਵੀਅਤਨਾਮੀ ਆਦਮੀਆਂ, ਜਨਾਨੀਆਂ ਅਤੇ ਬੱਚਿਆਂ ਨੇ ਬ੍ਰਿਟੇਨ ਵਿਚ ਦਾਖ਼ਲ ਹੋ ਕੇ ਬਿਹਤਰ ਜ਼ਿੰਦਗੀ ਦੀ ਉਮੀਦ ਨਾਲ ਇਸ ਤਸਕਰੀ ਗਿਰੋਹ ਵੱਲੋਂ ਪ੍ਰਤੀ ਵਿਅਕਤੀ 13,000 ਪੌਂਡ ਰਾਸ਼ੀ ਲੈਣੀ ਨਿਰਧਾਰਿਤ ਕੀਤੀ ਸੀ।
ਇਹ ਸਮਝੌਤਾ ਕਰਨ ਦੇ ਬਾਅਦ ਗੈਰ ਕਾਨੂੰਨੀ ਵੀਅਤਨਾਮੀ ਪ੍ਰਵਾਸੀਆਂ ਨੂੰ 22 ਅਕਤੂਬਰ, 2019 ਨੂੰ ਬੈਲਜੀਅਮ ਦੇ ਜ਼ੇਬਰੱਗ ਤੋਂ ਪੂਰਫਲੀਟ ਏਸੇਕਸ ਤੱਕ ਪਹੁੰਚਾਉਣ ਲਈ ਹਵਾ ਦੀ ਘਾਟ ਵਾਲੇ ਬੰਦ ਕੰਟੇਨਰ ਵਿਚ ਲਿਜਾਇਆ ਗਿਆ। ਇਨ੍ਹਾਂ ਮਰਨ ਵਾਲੇ ਪ੍ਰਵਾਸੀਆਂ ਵਿਚ ਦੋ 15 ਸਾਲ ਦੇ ਬੱਚੇ ਵੀ ਸ਼ਾਮਲ ਸਨ।
ਇਸ ਦਰਦਨਾਕ ਹਾਦਸੇ ਦੇ ਸੰਬੰਧ ਵਿਚ ਓਲਡ ਬੈਲੀ ਅਦਾਲਤ ਨੇ ਗਿਰੋਹ ਦੇ ਲੀਡਰਾਂ 41 ਸਾਲਾ ਰੋਨਾਨ ਹਿਉਗਜ ਅਤੇ 43 ਸਾਲਾ ਗੋਰਗੇ ਨਿਕਾ ਨੂੰ ਕ੍ਰਮਵਾਰ 20 ਸਾਲ ਅਤੇ 27 ਸਾਲ ਲਈ ਜੇਲ੍ਹ ਭੇਜਿਆ ਹੈ। ਜਦਕਿ 26 ਸਾਲ ਦੇ ਟਰੱਕ ਡਰਾਈਵਰ ਮੌਰਿਸ ਰੌਬਿਨਸਨ ਨੂੰ 13 ਸਾਲ ਅਤੇ ਚਾਰ ਮਹੀਨੇ ਅਤੇ ਪ੍ਰਵਾਸੀਆਂ ਨੂੰ ਇਕੱਠੇ ਕਰਨ ਵਾਲੇ 24 ਸਾਲਾ ਇਮੋਨ ਹੈਰੀਸਨ ਨੂੰ 18 ਸਾਲ ਕੈਦ ਦੀ ਸਜ਼ਾ ਦਿੱਤੀ ਗਈ ਹੈ। ਇਨ੍ਹਾਂ ਦੇ ਇਲਾਵਾ ਲੋਕਾਂ ਦੀ ਤਸਕਰੀ ਕਰਨ ਵਾਲੇ ਇਸ ਗਿਰੋਹ ਦੇ ਹੋਰ ਮੈਂਬਰਾਂ ਆਰਮਾਗ ਦੇ 24 ਸਾਲਾ ਕ੍ਰਿਸਟੋਫਰ ਕੈਨੇਡੀ, ਬਰਮਿੰਘਮ ਤੋਂ 38 ਸਾਲਾ ਵੈਲੇਨਟਿਨ ਕੈਲੋਟਾ ਅਤੇ 28 ਸਾਲਾ ਅਲੈਗਜ਼ੈਂਡਰੂ ਹਾਂਗਾ ਨੂੰ ਵੀ ਕੈਦ ਦੀ ਸਜ਼ਾ ਸੁਣਾਈ ਗਈ ਹੈ।