''ਅਮਰੀਕਾ ਦੀ ਵੱਡੀ ਗ਼ਲਤੀ...'', ਬਾਈਡੇਨ ਪ੍ਰਸ਼ਾਸਨ ''ਤੇ ਭੜਕੇ ਏਰਦੋਗਨ

Thursday, Nov 21, 2024 - 04:09 PM (IST)

''ਅਮਰੀਕਾ ਦੀ ਵੱਡੀ ਗ਼ਲਤੀ...'', ਬਾਈਡੇਨ ਪ੍ਰਸ਼ਾਸਨ ''ਤੇ ਭੜਕੇ ਏਰਦੋਗਨ

ਇੰਟਰਨੈਸ਼ਨਲ ਡੈਸਕ- ਰੂਸ-ਯੂਕ੍ਰੇਨ ਵਿਚਾਲੇ ਜਾਰੀ ਜੰਗ ਭਿਆਨਕ ਰੂਪ ਲੈਂਦੀ ਜਾ ਰਹੀ ਹੈ। ਅਮਰੀਕਾ ਵੱਲੋਂ ਯੂਕ੍ਰੇਨ ਨੂੰ ਉਸ ਦੇ ਘਾਤਕ ਹਥਿਆਰਾਂ ਦੀ ਵਰਤੋਂ ਦੀ ਇਜਾਜ਼ਤ ਨੇ ਸਥਿਤੀ ਹੋਰ ਖਰਾਬ ਕਰ ਦਿੱਤੀ ਹੈ। ਬਾਈਡੇਨ ਦੇ ਇਸ ਫ਼ੈਸਲੇ ਦੀ ਵਿਸ਼ਵ ਪੱਧਰ 'ਤੇ ਆਲੋਚਨਾ ਹੋ ਰਹੀ ਹੈ। ਹੁਣ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਕਿਹਾ ਹੈ ਕਿ ਯੂਕ੍ਰੇਨ ਨੂੰ ਲੰਬੀ ਦੂਰੀ ਦੀਆਂ ਅਮਰੀਕੀ ਮਿਜ਼ਾਈਲਾਂ ਦੇਣ ਦੀ ਜੋਅ ਬਾਈਡੇਨ ਪ੍ਰਸ਼ਾਸਨ ਦੀ ਇਜਾਜ਼ਤ ਵੱਡੀ ਗ਼ਲਤੀ ਹੈ। ਹਾਲ ਹੀ ਵਿੱਚ ਬਾਈਡੇਨ ਪ੍ਰਸ਼ਾਸਨ ਨੇ ਰੂਸ ਦੇ ਅੰਦਰ ਲੰਬੀ ਦੂਰੀ ਦੇ ਹਮਲਿਆਂ ਲਈ ਯੂਕ੍ਰੇਨ ਨੂੰ ਬੈਲਿਸਟਿਕ ਮਿਜ਼ਾਈਲਾਂ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ। ਇਸ ਬਾਰੇ ਤੁਰਕੀ ਦੇ ਰਾਸ਼ਟਰਪਤੀ ਏਰਦੋਗਨ ਨੇ ਕਿਹਾ ਕਿ ਅਮਰੀਕਾ ਇੱਕ ਵੱਡੀ ਗ਼ਲਤੀ ਕਰ ਰਿਹਾ ਹੈ ਜੋ ਦੁਨੀਆ ਨੂੰ ਇੱਕ ਵੱਡੀ ਜੰਗ ਦੇ ਕੰਢੇ 'ਤੇ ਖੜ੍ਹਾ ਕਰ ਦੇਵੇਗਾ।

ਰੂਸ ਨੇ ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਦਿੱਤੀ ਧਮਕੀ

ਸੱਤਾ ਛੱਡਣ ਤੋਂ ਦੋ ਮਹੀਨੇ ਪਹਿਲਾਂ ਬਾਈਡੇਨ ਨੇ ਯੂਕ੍ਰੇਨ ਨੂੰ ਲੰਬੀ ਦੂਰੀ ਦੀਆਂ ATACMS ਮਿਜ਼ਾਈਲਾਂ ਦੀ ਸਪੁਰਦਗੀ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਯੂਕ੍ਰੇਨ ਦੀ ਮੰਗ ਦੇ ਬਾਵਜੂਦ ਅਮਰੀਕਾ ਨੇ ਅਜਿਹਾ ਕਰਨ ਤੋਂ ਬਚਿਆ ਸੀ। ਪਰ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਬਾਈਡੇਨ ਪ੍ਰਸ਼ਾਸਨ ਦੀ ਨੀਤੀ ਵਿੱਚ ਵੱਡਾ ਬਦਲਾਅ ਆਇਆ ਅਤੇ ਯੂਕ੍ਰੇਨ ਨੂੰ ਮਿਜ਼ਾਈਲਾਂ ਦੇਣ ਦਾ ਮਾਮਲਾ ਸਾਹਮਣੇ ਆਇਆ। ਰੂਸ ਨੇ ਇਸ ਖ਼ਬਰ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਮੰਗਲਵਾਰ ਨੂੰ ਰੂਸ ਨੇ ਕਿਹਾ ਕਿ ਜੇਕਰ ਯੂਕ੍ਰੇਨ ਰੂਸ ਦੇ ਅੰਦਰ ਹਮਲਾ ਕਰਨ ਲਈ ਅਮਰੀਕਾ ਦੀਆਂ ਬੈਲਿਸਟਿਕ ਮਿਜ਼ਾਈਲਾਂ ਦੀ ਵਰਤੋਂ ਕਰਦਾ ਹੈ ਤਾਂ ਉਹ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਤੋਂ ਪਿੱਛੇ ਨਹੀਂ ਹਟੇਗਾ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਸ਼ੁਰੂ ਕਰੇਗਾ ਡਿਪੋਰਟ ਯੋਜਨਾ, ਇਹ ਸੂਬਾ 1400 ਏਕੜ ਜ਼ਮੀਨ ਦੇਣ ਨੂੰ ਤਿਆਰ

'ਅਮਰੀਕਾ ਨਹੀਂ ਚਾਹੁੰਦਾ ਕਿ ਜੰਗ ਕਦੇ ਖ਼ਤਮ ਹੋਵੇ'

ਰੂਸ ਤੋਂ ਬਾਅਦ ਹੁਣ ਅਮਰੀਕਾ ਦੇ ਇਸ ਕਦਮ 'ਤੇ ਤੁਰਕੀ ਦੇ ਰਾਸ਼ਟਰਪਤੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਬ੍ਰਾਜ਼ੀਲ 'ਚ ਆਯੋਜਿਤ ਜੀ-20 ਸੰਮੇਲਨ ਤੋਂ ਪਰਤਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏਰਦੋਗਨ ਨੇ ਕਿਹਾ, 'ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਇਸ ਕਦਮ ਨਾਲ ਨਾ ਸਿਰਫ ਵਿਵਾਦ ਵਧੇਗਾ ਸਗੋਂ ਰੂਸ ਵੀ ਇਸ ਦੇ ਜਵਾਬ 'ਚ ਗੰਭੀਰ ਪ੍ਰਤੀਕਿਰਿਆ ਦੇਵੇਗਾ। ਖੇਤਰ ਅਤੇ ਸੰਸਾਰ ਇੱਕ ਵੱਡੀ ਜੰਗ ਦੇ ਕੰਢੇ 'ਤੇ ਖੜ੍ਹੇ ਹੋਣਗੇ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਇਸ ਫ਼ੈਸਲੇ ਨੂੰ ਜੰਗ ਨੂੰ ਉਤਸ਼ਾਹਿਤ ਕਰਨ ਦੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਰਾਹੀਂ ਅਮਰੀਕਾ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਜੰਗ ਕਦੇ ਖ਼ਤਮ ਨਾ ਹੋਵੇ ਅਤੇ ਇਸ ਦਾ ਦਾਇਰਾ ਲਗਾਤਾਰ ਵਧਦਾ ਰਹੇ।

ਉਨ੍ਹਾਂ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਇਕ ਫਰਮਾਨ 'ਤੇ ਦਸਤਖ਼ਤ ਕੀਤੇ, ਜਿਸ 'ਚ ਕਿਹਾ ਗਿਆ ਹੈ ਕਿ ਜੇਕਰ ਰੂਸ 'ਤੇ ਵੱਡੇ ਪੱਧਰ 'ਤੇ ਹਵਾਈ ਹਮਲਾ ਹੁੰਦਾ ਹੈ ਤਾਂ ਉਹ ਪਰਮਾਣੂ ਹਥਿਆਰਾਂ ਨਾਲ ਹਮਲਾ ਕਰੇਗਾ, ਭਾਵੇਂ ਉਹ ਰਵਾਇਤੀ ਹਥਿਆਰਾਂ ਨਾਲ ਹੀ ਕਿਉਂ ਨਾ ਹੋਵੇ। ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ, 'ਇਸ ਵੱਡੀ ਗ਼ਲਤੀ ਦੇ ਆਧਾਰ 'ਤੇ ਮਾਮੂਲੀ ਜਿਹੀ ਗ਼ਲਤੀ ਵੀ... ਬਾਰੂਦ ਦੇ ਢੇਰ ਵਿਚ ਅੱਗ ਲਾਉਣ ਦੇ ਬਰਾਬਰ ਹੋਵੇਗੀ, ਇਸ ਲਈ ਮੈਂ ਸਾਰਿਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੰਦਾ ਹਾਂ।' ਜ਼ਿਕਰਯੋਗ ਹੈ ਕਿ ਤੁਰਕੀ ਦੇ ਰੂਸ ਅਤੇ ਯੂਕ੍ਰੇਨ ਦੋਵਾਂ ਨਾਲ ਦੋਸਤਾਨਾ ਸਬੰਧ ਹਨ। ਤੁਰਕੀ ਨੇ ਯੁੱਧ ਦੌਰਾਨ ਯੂਕ੍ਰੇਨ ਨੂੰ ਡਰੋਨ ਵੀ ਪ੍ਰਦਾਨ ਕੀਤੇ ਹਨ ਪਰ ਰੂਸ 'ਤੇ ਪੱਛਮੀ ਪਾਬੰਦੀਆਂ ਦਾ ਸਮਰਥਨ ਕਰਨ ਤੋਂ ਦੂਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News