ਇੰਗਲੈਂਡ ਫੁੱਟਬਾਲ ਟੀਮ ਦੇ ਖਿਡਾਰੀ ਆਪਣੀ ਯੂਰੋ 2020 ਦੀ ਇਨਾਮੀ ਰਾਸ਼ੀ NHS ਨੂੰ ਕਰਨਗੇ ਦਾਨ
Saturday, Jul 10, 2021 - 03:43 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਦੀ ਫੁੱਟਬਾਲ ਟੀਮ ਦੇ ਖਿਡਾਰੀ ਆਪਣੀ ਯੂਰੋ 2020 ਦੀ ਇਨਾਮੀ ਰਾਸ਼ੀ ਨੂੰ ਇਟਲੀ ਖਿਲਾਫ਼ ਐਤਵਾਰ ਦੇ ਫਾਈਨਲ ਤੋਂ ਬਾਅਦ ਵੱਖ-ਵੱਖ ਐੱਨ. ਐੱਚ. ਐੱਸ. ਚੈਰਿਟੀਆਂ ਨੂੰ ਦਾਨ ਕਰਨਗੇ। ਐਤਵਾਰ ਨੂੰ ਹੋ ਰਹੇ ਫਾਈਨਲ ਮੈਚ ਵਿਚ ਜੇਕਰ ਇੰਗਲੈਂਡ ਦੀ ਫੁੱਟਬਾਲ ਟੀਮ ਵੈਂਬਲੇ ਵਿਖੇ ਇਟਲੀ ਨੂੰ ਹਰਾਉਂਦੀ ਹੈ ਤਾਂ ਫੁੱਟਬਾਲ ਐਸੋਸੀਏਸ਼ਨ ਨੂੰ ਲੱਗਭਗ 24 ਮਿਲੀਅਨ ਪੌਂਡ ਪ੍ਰਾਪਤ ਹੋਣਗੇ। ਇਸ ਰਾਸ਼ੀ ਦਾ ਇੱਕ ਹਿੱਸਾ ਤਕਰੀਬਨ 9.6 ਮਿਲੀਅਨ ਪੌਂਡ ਫੁੱਟਬਾਲ ਦੀ 26 ਮੈਂਬਰੀ ਟੀਮ ਵਿਚ ਸਾਂਝਾ ਕੀਤਾ ਜਾਵੇਗਾ, ਪਰ ਟੀਮ ਦੇ ਖਿਡਾਰੀ ਇਨਾਮੀ ਰਾਸ਼ੀ ਨੂੰ ਕੋਰੋਨਾ ਵਿਚ ਅਣਥੱਕ ਸੇਵਾਵਾਂ ਦੇਣ ਵਾਲੀ ਐੱਨ. ਐੱਚ. ਐੱਸ. ਸੰਸਥਾ ਦੀ ਸਹਾਇਤਾ ਲਈ ਦਾਨ ਕਰਨ ਦਾ ਇਰਾਦਾ ਰੱਖਦੇ ਹਨ।
ਜੇਕਰ ਫਾਈਨਲ ਵਿਚ ਇਟਲੀ ਵੱਲੋਂ ਇੰਗਲੈਂਡ ਦੀ ਟੀਮ ਨੂੰ ਹਰਾਇਆ ਜਾਂਦਾ ਹੈ ਤਾਂ ਟੀਮ ਨੂੰ ਲੱਗਭਗ 8.5 ਮਿਲੀਅਨ ਪੌਂਡ ਦਾ ਘੱਟ ਬੋਨਸ ਦਿੱਤਾ ਜਾਵੇਗਾ। ਟੈਕਸ ਦੇ ਕੁੱਝ ਕਾਰਨਾਂ ਕਰਕੇ ਇਸ ਯੋਜਨਾ ਨੂੰ ਅੰਤਮ ਰੂਪ ਦੇਣਾ ਅਜੇ ਬਾਕੀ ਹੈ ਪਰ ਐੱਨ. ਐੱਚ. ਐੱਸ. ਚੈਰੀਟੀਆਂ ਨੂੰ ਇੰਗਲੈਂਡ ਦੀ ਸਫ਼ਲਤਾ ਦੇ ਕਾਰਨ ਇਕ ਵੱਡੀ ਰਾਸ਼ੀ ਸੌਂਪਣੀ ਤੈਅ ਹੈ। ਇੰਗਲੈਂਡ ਦੀ ਫੁੱਟਬਾਲ ਟੀਮ ਦੇ ਖਿਡਾਰੀ ਪਹਿਲਾਂ ਹੀ ਹਰੇਕ ਯੂਰੋ 2020 ਦੇ ਮੈਚ ਦੀ ਆਪਣੀ ਮੈਚ ਫੀਸ ਚੰਗੇ ਕੰਮਾਂ ਲਈ ਲਈ ਦਾਨ ਕਰ ਰਹੇ ਹਨ। ਲਿਵਰਪੂਲ ਦੇ ਕਪਤਾਨ ਅਤੇ ਇੰਗਲੈਂਡ ਦੇ ਮਿਡਫੀਲਡਰ ਜੌਰਡਨ ਹੈਂਡਰਸਨ ਨੂੰ ਚੈਰਿਟੀਆਂ ਦੀ ਸਹਾਇਤਾ ਕਰਨ ਬਦਲੇ ਐਮ.ਬੀ.ਈ. ਸਨਮਾਨ ਵੀ ਦਿੱਤਾ ਜਾ ਚੁੱਕਾ ਹੈ।