ਇੰਗਲੈਂਡ: ਬੈਰਿਸਟਰਾਂ ਨੇ ਤਨਖਾਹ ਵਾਧੇ ਲਈ ਕੀਤੀ ਜ਼ਿੰਦਾਬਾਦ-ਮੁਰਦਾਬਾਦ
Wednesday, Jun 29, 2022 - 07:21 PM (IST)
 
            
            ਲੰਡਨ/ਗਲਾਸਗੋ (ਮਨਦੀਪ ਖੁਰਮੀ) : ਅਜੋਕਾ ਦੌਰ ਅੰਤਾਂ ਦੀ ਮਹਿੰਗਾਈ ਦਾ ਦੌਰ ਹੈ। ਜਿੰਨਾ ਵੱਡਾ ਰੁਤਬਾ, ਓਨੇ ਹੀ ਵੱਡੇ ਖਰਚੇ। ਸਮਾਜ ਦਾ ਹਰ ਵਰਗ ਬਰਤਾਨੀਆ 'ਚ ਵਧ ਰਹੀ ਮਹਿੰਗਾਈ ਤੋਂ ਤੰਗ ਹੈ। ਤਨਖ਼ਾਹ ਵਾਧੇ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਵਿੱਚ ਪੂਰੇ ਇੰਗਲੈਂਡ ਅਤੇ ਵੇਲਜ਼ 'ਚ ਅਪਰਾਧਿਕ ਮਾਮਲਿਆਂ ਦੇ ਬੈਰਿਸਟਰ ਹੜਤਾਲ 'ਤੇ ਚਲੇ ਗਏ ਹਨ। ਅਦਾਲਤ ਦੇ ਬਾਹਰ ਮੁਜ਼ਾਹਰਾ ਕਰਦਿਆਂ ਬੈਰਿਸਟਰਾਂ ਨੇ ਕਿਹਾ ਕਿ ਲੰਡਨ ਦੇ ਓਲਡ ਬੇਲੀ ਵਿਖੇ 10 'ਚੋਂ 8 ਕੇਸ ਵਾਕਆਊਟ ਹੋਣ ਕਾਰਨ ਉਹ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।
ਇਹ ਵੀ ਪੜ੍ਹੋ : ਅਕਾਲੀ ਦਲ ਨੇ 'ਆਪ' ਸਰਕਾਰ ਵੱਲੋਂ ਇਸ਼ਤਿਹਾਰਾਂ 'ਤੇ ਖਰਚ ਕੀਤੇ ਪੈਸਿਆਂ ਨੂੰ ਲੈ ਕੇ ਦਿੱਤਾ ਅਹਿਮ ਬਿਆਨ
ਨਿਆਂ ਸਕੱਤਰ ਡੋਮਿਨਿਕ ਰਾਅਬ ਨੇ ਕਿਹਾ ਕਿ ਹੜਤਾਲਾਂ ਕਾਰਨ ਨਿਆਂ ਵਿੱਚ ਦੇਰੀ ਹੋਵੇਗੀ ਕਿਉਂਕਿ ਅਦਾਲਤਾਂ ਪਹਿਲਾਂ ਹੀ 58,000 ਕੇਸਾਂ ਦੇ ਬੈਕਲਾਗ ਦਾ ਸਾਹਮਣਾ ਕਰ ਰਹੀਆਂ ਹਨ। ਬੈਰਿਸਟਰਾਂ ਨੇ ਕਾਨੂੰਨੀ ਸਹਾਇਤਾ ਦੇ ਕੰਮ ਲਈ ਆਪਣੀ ਫੀਸ ਵਿੱਚ ਪ੍ਰਸਤਾਵਿਤ 15 ਫ਼ੀਸਦੀ ਵਾਧੇ ਨੂੰ ਰੱਦ ਕਰ ਦਿੱਤਾ ਹੈ ਅਤੇ ਇਸ 'ਤੇ ਅਗਲੇ 4 ਹਫ਼ਤਿਆਂ ਵਿੱਚ ਕਾਰਵਾਈ ਕੀਤੀ ਜਾਵੇਗੀ। ਕ੍ਰਿਮੀਨਲ ਬਾਰ ਐਸੋਸੀਏਸ਼ਨ (ਸੀ.ਬੀ.ਏ.) ਦੇ ਮੈਂਬਰਾਂ ਨੇ ਕਿਹਾ ਹੈ ਕਿ ਇਹ ਬਹੁਤ ਘੱਟ ਹੈ ਅਤੇ ਉਨ੍ਹਾਂ ਘੱਟੋ-ਘੱਟ 25 ਫ਼ੀਸਦੀ ਤਨਖਾਹ ਵਾਧੇ ਦੀ ਮੰਗ ਕੀਤੀ। ਸੀ.ਬੀ.ਏ. ਦੇ ਚੇਅਰ ਜੋਅ ਸਿੱਧੂ ਕਿਊਸੀ ਨੇ ਕਿਹਾ ਕਿ ਉਹ ਪਿਛਲੇ 5 ਸਾਲਾਂ ਵਿੱਚ ਇਕ ਚੌਥਾਈ ਵਿਸ਼ੇਸ਼ ਅਪਰਾਧਿਕ ਬੈਰਿਸਟਰਾਂ ਨੂੰ ਗੁਆ ਚੁੱਕੇ ਹਨ, ਜਦੋਂ ਕਿ ਪਿਛਲੇ ਸਾਲ 300 ਨੇ ਛੱਡ ਦਿੱਤਾ ਸੀ। ਡਿਪਟੀ ਚੇਅਰ ਕ੍ਰਿਸਟੀ ਬਰਾਈਮਲੋਅ ਕਿਊਸੀ ਨੇ ਕਿਹਾ ਕਿ ਕਾਨੂੰਨੀ ਸਹਾਇਤਾ ਫੀਸਾਂ ਵਿੱਚ ਪ੍ਰਸਤਾਵਿਤ ਵਾਧਾ ਅਗਲੇ ਸਾਲ ਦੇ ਅੰਤ ਤੱਕ ਪੇਸ਼ ਨਹੀਂ ਕੀਤਾ ਜਾਵੇਗਾ। ਉਦੋਂ ਤੱਕ ਮਦਦ ਕਰਨ ਵਿੱਚ ਬਹੁਤ ਦੇਰ ਹੋ ਚੁੱਕੀ ਹੋਵੇਗੀ ਅਤੇ ਬਾਰ ਛੱਡਣ ਵਾਲੇ ਜੂਨੀਅਰ ਬੈਰਿਸਟਰਾਂ ਨੂੰ ਰੋਕਣ 'ਚ ਦੇਰ ਹੋ ਚੁੱਕੀ ਹੋਵੇਗੀ। ਜ਼ਿਕਰਯੋਗ ਹੈ ਕਿ ਸਰਕਾਰ ਕਾਨੂੰਨੀ ਸਹਾਇਤਾ ਦਾ ਕੰਮ ਕਰਨ ਵਾਲੇ ਬੈਰਿਸਟਰਾਂ ਲਈ ਤਨਖਾਹ ਦਰਾਂ ਨਿਰਧਾਰਤ ਕਰਦੀ ਹੈ।
ਇਹ ਵੀ ਪੜ੍ਹੋ : ਵਪਾਰੀ ਦੀਆਂ 20 ਮੱਝਾਂ ਨਹਿਰ 'ਚ ਰੁੜ੍ਹੀਆਂ, ਦਰਜਨ ਤੋਂ ਵੱਧ ਦੀ ਹੋਈ ਮੌਤ (ਵੀਡੀਓ)
ਦਰਜਨਾਂ ਬੈਰਿਸਟਰ ਆਪਣੀਆਂ ਪੋਸ਼ਾਕਾਂ ਅਤੇ ਵਿੱਗਾਂ ਵਿੱਚ ਓਲਡ ਬੇਲੀ ਦੇ ਬਾਹਰ ਰੈਲੀ ਕਰ ਰਹੇ ਹਨ ਕਿਉਂਕਿ ਅਦਾਲਤ ਵਿੱਚ ਕਤਲ ਦੇ 2 ਮੁਕੱਦਮੇ ਨੇਪਰੇ ਚੜ੍ਹਨ ਦੀ ਉਡੀਕ ਵਿੱਚ ਹਨ। ਇਨ੍ਹਾਂ 'ਚੋਂ ਇਕ ਕਿਸ਼ੋਰ ਸ਼ੱਕੀ ਸ਼ਾਮਲ ਸੀ, ਜਿਸ ਦੀ ਕਾਰਵਾਈ ਅੱਗੇ ਵਧਣ ਵਿੱਚ ਅਸਮਰੱਥ ਹੈ। ਦੂਸਰੇ ਪਾਸੇ ਬਰਮਿੰਘਮ, ਮਾਨਚੈਸਟਰ, ਕਾਰਡਿਫ ਅਤੇ ਬ੍ਰਿਸਟਲ ਕ੍ਰਾਊਨ ਕੋਰਟਾਂ ਸਮੇਤ ਕਈ ਉੱਚ-ਪ੍ਰੋਫਾਈਲ ਅਦਾਲਤਾਂ ਦੇ ਬਾਹਰ ਵੀ ਬੈਰਿਸਟਰ ਹੜਤਾਲ ਕਰ ਰਹੇ ਹਨ। ਬੈਰਿਸਟਰਾਂ ਨੂੰ ਮੁੜ ਕੰਮ 'ਤੇ ਪਰਤਾਉਣ ਲਈ ਡਾਊਨਿੰਗ ਸਟ੍ਰੀਟ ਨੇ ਬੈਰਿਸਟਰਾਂ ਨੂੰ ਪ੍ਰਸਤਾਵਿਤ 15 ਫ਼ੀਸਦੀ ਤਨਖਾਹ ਵਾਧੇ ਲਈ ਸਹਿਮਤ ਹੋਣ ਦੀ ਅਪੀਲ ਕੀਤੀ ਹੈ, ਜਿਸ ਬਾਰੇ ਇਕ ਬੁਲਾਰੇ ਨੇ ਕਿਹਾ ਕਿ ਇਕ ਆਮ ਬੈਰਿਸਟਰ ਇਕ ਸਾਲ ਵਿੱਚ ਲਗਭਗ £7,000 ਹੋਰ ਕਮਾਏਗਾ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            