ਇੰਗਲੈਂਡ ''ਚ 60 ਸਾਲਾ ਪਾਦਰੀ ਯੌਨ ਸ਼ੋਸ਼ਣ ਮਾਮਲੇ ''ਚ ਦੋਸ਼ੀ ਕਰਾਰ
Wednesday, Jan 15, 2020 - 02:20 PM (IST)

ਲੰਡਨ (ਬਿਊਰੋ): ਇੰਗਲੈਂਡ ਦਾ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਈ ਔਰਤਾਂ ਅਤੇ ਬੱਚੀਆਂ ਦਾ ਯੌਨ ਸ਼ੋਸ਼ਣ ਕਰਨ ਵਾਲੇ ਇਕ ਪਾਦਰੀ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ। ਇੰਗਲੈਂਡ ਦੀ ਬਰਮਿੰਘਮ ਕ੍ਰਾਊਨ ਕੋਰਟ ਨੇ ਮਿਸ਼ੇਲ ਓਲੁਰੋਨਬੀ ਨਾਮ ਦੇ ਸਵੈ ਘੋਸ਼ਿਤ ਪਾਦਰੀ ਨੂੰ 15 ਯੌਨ ਸ਼ੋਸ਼ਣ ਦੀਆਂ ਅਤੇ ਹਿੰਸਾ ਦੀਆਂ 9 ਘਟਨਾਵਾਂ ਦੇ ਲਈ ਦੋਸ਼ੀ ਕਰਾਰ ਦਿੱਤਾ। ਮਿਸ਼ੇਲ ਯੌਨ ਸ਼ੋਸ਼ਣ ਤੋਂ ਪਹਿਲਾਂ ਕੁੜੀਆਂ ਨੂੰ 'ਪਵਿੱਤਰ ਇਸ਼ਨਾਨ' ਕਰਨ ਲਈ ਕਹਿੰਦਾ ਸੀ। ਉਹ ਕੁੜੀਆਂ ਨੂੰ ਬੁਰੀਆਂ ਸ਼ਕਤੀਆਂ ਤੋਂ ਆਜ਼ਾਦ ਕਰਨ ਦੀ ਗੱਲ ਕਰਦਾ ਸੀ। ਮਿਸ਼ੇਲ ਦੇ ਯੌਨ ਸ਼ੋਸ਼ਣ ਕਾਰਨ ਘੱਟੋ-ਘੱਟ 4 ਕੁੜੀਆਂ ਗਰਭਵਤੀ ਹੋ ਗਈਆਂ ਸਨ।
ਪੀੜਤ ਪਰਿਵਾਰ ਵੱਲੋਂ ਰਿਕਾਰਡ ਕੀਤੇ ਗਏ ਇਕ ਵੀਡੀਓ ਵਿਚ ਮਿਸ਼ੇਲ ਨੇ ਮੰਨਿਆ ਸੀ ਕਿ ਸਾਰੀ ਗਲਤੀ ਉਸ ਦੀ ਸੀ। ਉੱਥੇ ਦੋਸ਼ੀ ਕਰਾਰ ਦੇਣ ਦੇ ਨਾਲ ਹੀ ਜੱਜ ਨੇ ਇਸ ਕੇਸ ਨਾਲ ਸਬੰਧਤ ਰਿਪੋਟਿੰਗ ਤੋਂ ਸਾਰੀ ਰੋਕ ਹਟਾ ਦਿੱਤੀ। ਭਾਵੇਂਕਿ ਮਿਸ਼ੇਲ ਨੂੰ ਸਜ਼ਾ ਬਾਅਦ ਵਿਚ ਸੁਣਾਈ ਜਾਵੇਗੀ। ਮਿਸ਼ੇਲ ਨੇ ਧਰਮ ਦੇ ਨਾਮ 'ਤੇ ਲੋਕਾਂ ਦਾ ਇਕ ਸਮੂਹ ਬਣਾਇਆ ਸੀ ਅਤੇ ਉਹ ਸਮੂਹ ਵਿਚ ਆਉਣ ਵਾਲੀਆਂ ਕੁੜੀਆਂ ਦਾ ਯੌਨ ਸ਼ੋਸ਼ਣ ਕਰਦਾ ਸੀ। ਮਿਸ਼ੇਲ ਨੇ ਯੌਨ ਸ਼ੋਸ਼ਣ ਦੇ ਬਾਅਦ ਕਈ ਕੁੜੀਆਂ ਦਾ ਜ਼ਬਰਦਸਤੀ ਗਰਭਪਾਤ ਕਰਵਾ ਦਿੱਤਾ ਸੀ।
ਪੁਲਸ ਨੇ ਮਿਸ਼ੇਲ ਦਾ ਇਕ ਵੀਡੀਓ ਜਾਰੀ ਕੀਤਾ ਹੈ ਜਿਸ ਵਿਚ ਉਹ ਆਪਣਾ ਅਪਰਾਧ ਸਵੀਕਾਰ ਕਰਦਾ ਦਿਸ ਰਿਹਾ ਹੈ। 60 ਸਾਲ ਦੇ ਮਿਸ਼ੇਲ ਨੇ ਵੀਡੀਓ ਵਿਚ ਕਿਹਾ ਸੀ,''ਮੈਂ ਇਨਸਾਨ ਨਹੀਂ ਰਹਿ ਗਿਆ ਸੀ। ਮੈਂ ਇਕ ਜਾਨਵਰ ਬਣ ਗਿਆ ਸੀ। ਬੁਰੀਆਂ ਸ਼ਕਤੀਆਂ ਨੇ ਮੈਨੂੰ ਹਮਲਾਵਰ ਬਣਾਇਆ।'' ਅਦਾਲਤ ਨੇ ਮਿਸ਼ੇਲ ਦੀ ਪਤਨੀ ਜੁਲੀਆਨਾ (58) ਨੂੰ ਵੀ ਯੌਨ ਸ਼ੋਸ਼ਣ ਦੇ 3 ਮਾਮਲਿਆਂ ਵਿਚ ਮਦਦ ਦਾ ਦੋਸ਼ੀ ਕਰਾਰ ਦਿੱਤਾ। ਜੁਲੀਆਨਾ ਨੇ ਪੀੜਤਾਂ ਨੂੰ ਗਰਭਪਾਤ ਕਰਵਾਉਣ ਵਿਚ ਮਦਦ ਕੀਤੀ ਸੀ।