ਪਾਕਿਸਤਾਨ ਦੇ ਚੋਣ ਕਮਿਸ਼ਨ ਨੇ 37 ਸੰਸਦੀ ਸੀਟਾਂ ਲਈ ਚੋਣਾਂ ਕੀਤੀਆਂ ਮੁਲਤਵੀ
Monday, Mar 13, 2023 - 02:53 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਦੇਸ਼ ਦੀਆਂ ਵੱਖ-ਵੱਖ ਉੱਚ ਅਦਾਲਤਾਂ ਦੇ ਹੁਕਮਾਂ ਤੋਂ ਬਾਅਦ 37 ਸੰਸਦੀ ਸੀਟਾਂ ਲਈ ਚੋਣਾਂ ਮੁਲਤਵੀ ਕਰ ਦਿੱਤੀਆਂ ਹਨ। ਇਹ ਸੀਟਾਂ ਪਾਕਿਸਤਾਨ ਤਕਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਸੰਸਦ ਮੈਂਬਰਾਂ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈਆਂ ਹਨ। ਪਾਕਿਸਤਾਨ ਦੇ ਚੋਣ ਕਮਿਸ਼ਨ (ਈ. ਸੀ. ਪੀ.) ਨੇ 27 ਜਨਵਰੀ ਨੂੰ ਐਲਾਨ ਕੀਤਾ ਸੀ ਕਿ 33 ਸੀਟਾਂ ਲਈ ਚੋਣਾਂ 16 ਮਾਰਚ ਨੂੰ ਹੋਣਗੀਆਂ ਅਤੇ ਇਸ ਤੋਂ ਬਾਅਦ 3 ਫਰਵਰੀ ਨੂੰ ਇੱਕ ਹੋਰ ਐਲਾਨ ਕੀਤਾ ਗਿਆ ਕਿ ਹੋਰ 31 ਸੀਟਾਂ ਲਈ ਚੋਣਾਂ 19 ਮਾਰਚ ਨੂੰ ਕਰਵਾਈਆਂ ਜਾਣਗੀਆਂ।
ਹਾਲਾਂਕਿ, ਪੇਸ਼ਾਵਰ, ਸਿੰਧ ਅਤੇ ਬਲੋਚਿਸਤਾਨ ਦੀਆਂ ਹਾਈ ਕੋਰਟਾਂ ਨੇ ਆਪੋ-ਆਪਣੇ ਸੂਬਿਆਂ ਵਿੱਚ ਉਪ ਚੋਣਾਂ ਨੂੰ ਮੁਲਤਵੀ ਕਰ ਦਿੱਤਾ, ਜਦੋਂ ਕਿ ਇਸਲਾਮਾਬਾਦ ਹਾਈ ਕੋਰਟ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਤਿੰਨ ਮੈਂਬਰਾਂ ਦੇ ਅਸਤੀਫ਼ਿਆਂ ਨੂੰ ਸਵੀਕਾਰ ਕਰਨ ਵਾਲੇ ਨੋਟੀਫਿਕੇਸ਼ਨ ਨੂੰ ਮੁਅੱਤਲ ਕਰ ਦਿੱਤਾ। ਐਤਵਾਰ ਨੂੰ ਜਾਰੀ ਚਾਰ ਵੱਖ-ਵੱਖ ਨੋਟੀਫਿਕੇਸ਼ਨਾਂ ਵਿੱਚ, ਚੋਣ ਕਮਿਸ਼ਨ ਨੇ ਕਿਹਾ ਕਿ ਉਹ ਸਬੰਧਤ ਅਦਾਲਤਾਂ ਦੇ ਅਗਲੇ ਹੁਕਮਾਂ ਤੱਕ ਬਲੋਚਿਸਤਾਨ ਵਿੱਚ ਇਕ, ਇਸਲਾਮਾਬਾਦ ਵਿੱਚ ਤਿੰਨ, ਸਿੰਧ ਵਿੱਚ ਨੌਂ ਅਤੇ ਖੈਬਰ ਪਖਤੂਨਖਵਾ ਵਿੱਚ 24 ਸੀਟਾਂ ਲਈ ਚੋਣਾਂ ਮੁਲਤਵੀ ਕਰ ਰਿਹਾ ਹੈ।