ਖੜ ਕੇ ਵੇਖ ਜਵਾਨਾਂ, ਬਜ਼ੁਰਗਾਂ ਦਾ ਕਮਾਲ, ਬਾਬਾ ਟੱਪੇ ਰੱਸੀ ਤੇ ਬੇਬੇ ਖੇਡੇ ਬਾਸਕਿਟਬਾਲ

11/19/2017 6:59:03 PM

ਬੀਜਿੰਗ (ਏਜੰਸੀ)- ਜਿਸ ਤਰ੍ਹਾਂ ਚੀਨ ਵਿਚ ਸੋਸ਼ਲਿਜ਼ਮ ਬਦਲ ਰਿਹਾ ਹੈ, ਉਸੇ ਤਰ੍ਹਾਂ ਲੋਕਾਂ ਦਾ ਨਜ਼ਰੀਆ ਵੀ ਕਾਫੀ ਬਦਲ ਰਿਹਾ ਹੈ। ਇਥੋਂ ਦੇ ਲੋਕਾਂ ਦੀ ਜੀਵਨ ਪ੍ਰਤੀ ਉਮੀਦ ਵੀ ਕਾਫੀ ਵਧ ਰਹੀ ਹੈ ਅਤੇ ਲੋਕ ਜ਼ਿੰਦਗੀ ਨੂੰ ਲੈ ਕੇ ਜ਼ਿਆਦਾ ਪਾਜ਼ੀਟਿਵ ਹੋ ਰਹੇ ਹਨ। ਚਾਹੇ ਕੋਈ 65 ਸਾਲ ਦਾ ਬਾਬਾ ਹੋਵੇ ਜਾਂ 80 ਸਾਲ ਦਾ, ਇਨ੍ਹਾਂ ਨੇ ਆਪਣੀ ਲੰਬੀ ਉਮਰ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ, ਸਗੋਂ ਦਿਨ-ਬ-ਦਿਨ ਜ਼ਿੰਦਗੀ ਵਿਚ ਨਵੇਂ ਰੰਗ ਭਰ ਰਹੇ ਹਨ। ਇਹ ਆਮ ਬਜ਼ੁਰਗਾਂ ਵਾਂਗ ਘਰਾਂ ਵਿਚ ਮੰਜੀ ਉੱਤੇ ਬੈਠ ਕੇ ਸਮਾਂ ਨਹੀਂ ਬਿਤਾ ਰਹੇ, ਸਗੋਂ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜੀਉਣ ਦੇ ਤਰੀਕੇ ਲਭਦੇ ਹਨ। ਕੋਈ ਬਾਸਕਿਟਬਾਲ ਸਿੱਖ ਰਿਹਾ ਹੈ ਤੇ ਕੋਈ ਸਕਿਪਿੰਗ (ਰੱਸੀ ਟੱਪ ਕੇ) ਕਰਕੇ ਫਿਟ ਐਂਡ ਫਾਈਨ ਰਹਿ ਰਿਹਾ ਹੈ। 
ਅਨਹੁਈ ਸੂਬੇ ਦੇ ਸ਼ਹਿਰ ਹਫੇਈ ਦੀ ਯੁਈ ਜਿੰਗਸ਼ੀਆ 81 ਸਾਲ ਦੀ ਬੇਬੇ ਹੈ। ਬਚਪਨ ਤੋਂ ਹੀ ਬਾਸਕਿਟਬਾਲ ਖੇਡਣ ਦੀ ਸ਼ੌਕੀਨ ਰਹੀ ਯੂ.ਈ ਇਸ ਉਮਰ ਵਿਚ ਵੀ ਇਹ ਖੇਡ ਫੁਰਤੀ ਨਾਲ ਖੇਡਦੀ ਹੈ। ਉਨ੍ਹਾਂ ਨੇ ਯੋਗ ਉਦੋਂ ਸਿੱਖਣਾ ਸ਼ੁਰੂ ਕੀਤਾ ਸੀ, ਜਦੋਂ ਉਹ 64 ਸਾਲ ਦੀ ਸੀ। ਉਹ ਕਹਿੰਦੀ ਹੈ, ਸਪੋਰਟਸ ਮੇਰੀ ਜ਼ਿੰਦਗੀ ਦਾ ਹਿੱਸਾ ਰਿਹਾ ਹੈ ਅਤੇ ਮੈਂ ਦੂਜਿਆਂ ਨੂੰ ਵੀ ਇਹੀ ਸਲਾਹ ਦਿੰਦੀ ਹਾਂ ਕਿ ਹਾਂ ਪੱਖੀ ਰਵੱਈਆ ਰੱਖਣ ਲਈ ਕੋਈ ਨਾ ਕੋਈ ਖੇਡ ਜ਼ਰੂਰ ਖੇਡਣ।

 PunjabKesari
ਅਨਹੁਈ ਸੂਬੇ ਦੇ ਸ਼ਹਿਰ ਹੇਫੇਈ ਦੇ 68 ਸਾਲ ਦੇ ਗਾਓ ਬੀ ਦੇ ਹਮਉਮਰ ਜਿਥੇ ਰਿਟਾਇਰ ਹੋਣ ਤੋਂ ਬਾਅਦ ਘਰ ਵਿਚ ਆਰਾਮ ਕਰਦੇ ਹਨ, ਉਥੇ ਗਾਓ ਨੇ ਸਕਿਪਿੰਗ ਦਾ ਸ਼ੌਕ ਪੂਰਾ ਕੀਤਾ। ਸ਼ੌਕ ਵੀ ਅਜਿਹਾ ਰੰਗ ਲਿਆਇਆ ਕਿ ਉਨ੍ਹਾਂ ਨੇ ਇਸ ਦੀਆਂ 100 ਤਰ੍ਹਾਂ ਦੀ ਤਕਨੀਕ ਇਜਾਦ ਕਰ ਦਿੱਤੀਆਂ। ਉਹ ਨਾ ਸਿਰਫ ਰੱਸੀ ਟੱਪਦੇ ਹਨ ਸਗੋਂ ਇਸ ਦੌਰਾਨ ਕਈ ਤਰ੍ਹਾਂ ਦੇ ਕਰਤਬ ਵੀ ਕਰਦੇ ਹਨ। ਪੇਸ਼ੇ ਤੋਂ ਅਧਿਆਪਕ ਰਹਿ ਚੁਕੇ ਗਾਓ ਕਹਿੰਦੇ ਹਨ, ਮੇਰੀ ਸਕਿਪਿੰਗ ਟੈਕਨੀਕ ਮੇਰੇ ਕੋਲੋਂ ਸਿੱਖਣ ਲਈ ਕਈ ਲੋਕ ਆਉਂਦੇ ਹਨ। ਵੈਸੇ ਮੈਂ ਕਦੇ ਨਹੀਂ ਸੋਚਿਆ ਸੀ ਕਿ ਇਹ ਇੰਨੀ ਮਸ਼ਹੂਰ ਹੋ ਜਾਵੇਗੀ ਪਰ ਚੰਗਾ ਲਗਦਾ ਹੈ ਜਦੋਂ ਇਸ ਉਮਰ ਵਿਚ ਵੀ ਲੋਕਾਂ ਨੂੰ ਕੁਝ ਸਿਖਾ ਰਿਹਾ ਹਾਂ। ਵੈਸੇ ਵੀ ਸਿੱਖਣ ਜਾਂ ਸਿਖਾਉਣ ਦੀ ਕੋਈ ਉਮਰ ਨਹੀਂ ਹੁੰਦੀ। 


Related News