ਸੂਡਾਨ ''ਚ ਤਖ਼ਤਾਪਲਟ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਬਲਾਂ ਦੀ ਕਾਰਵਾਈ ''ਚ 8 ਲੋਕਾਂ ਦੀ ਮੌਤ

07/01/2022 2:54:05 PM

ਕਾਹਿਰਾ (ਏਜੰਸੀ)- ਸੂਡਾਨ ਵਿੱਚ ਤਖ਼ਤਾਪਲਟ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿੱਚ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ। ਦੇਸ਼ ਦੇ ਇੱਕ ਮੈਡੀਕਲ ਗਰੁੱਪ ਨੇ ਇਹ ਜਾਣਕਾਰੀ ਦਿੱਤੀ ਹੈ। ਸੂਡਾਨ ਵਿੱਚ ਹਜ਼ਾਰਾਂ ਲੋਕਾਂ ਨੇ ਦੇਸ਼ ਦੇ ਫੌਜੀ ਸ਼ਾਸਕਾਂ ਦੀ ਨਿੰਦਾ ਕਰਨ ਅਤੇ ਸੱਤਾ ਗੈਰ-ਫ਼ੌਜੀ ਨਾਗਰਿਕਾਂ ਨੂੰ ਤੁਰੰਤ ਸੌਂਪੇ ਜਾਣ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਰੈਲੀਆਂ ਕੱਢੀਆਂ। ਸੂਡਾਨ ਦੇ ਡਾਕਟਰਾਂ ਦੀ ਇੱਕ ਕਮੇਟੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਸੂਡਾਨ ਦੀ ਖਾਰਤੂਮ ਦੇ ਓਮਦੂਰਮੈਨ ਸ਼ਹਿਰ ਵਿੱਚ ਪੁਲਸ ਵੱਲੋਂ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ ਕਰਨ ਨਾਲ 6 ਲੋਕ ਮਾਰੇ ਗਏ। ਕਮੇਟੀ ਨੇ ਦੱਸਿਆ ਕਿ ਖਾਰਤੂਮ ਵਿੱਚ ਨੀਲ ਨਦੀ ਦੇ ਪਾਰ ਗੋਲੀ ਲੱਗਣ ਤੋਂ ਬਾਅਦ ਇੱਕ ਹੋਰ ਵਿਅਕਤੀ ਅਤੇ ਇੱਕ ਬੱਚੇ ਦੀ ਮੌਤ ਹੋ ਗਈ ਸੀ। ਜ਼ਖ਼ਮੀਆਂ ਦੀ ਸੰਖਿਆ 'ਤੇ ਨਜ਼ਰ ਰੱਖਣ ਵਾਲੇ ਇਸ ਸਮੂਹ ਨੇ ਕਿਹਾ ਕਿ 8 ਮ੍ਰਿਤਕਾਂ ਵਿੱਚੋਂ ਕਿਸੇ ਦੀ ਵੀ ਤੁਰੰਤ ਪਛਾਣ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ: ਯੂਕ੍ਰੇਨ: ਓਡੇਸਾ 'ਚ ਰੂਸੀ ਮਿਜ਼ਾਈਲ ਹਮਲੇ 'ਚ 2 ਬੱਚਿਆਂ ਸਮੇਤ ਘੱਟੋ-ਘੱਟ 18 ਲੋਕਾਂ ਦੀ ਮੌਤ

ਖਾਰਤੂਮ ਵਿੱਚ ਪੁਲਸ ਨੇ ਸ਼ਹਿਰ ਦੇ ਮੱਧ ਵਿੱਚ ਫੌਜੀ ਸ਼ਕਤੀ ਦੇ ਕੇਂਦਰ 'ਰਿਪਬਲਿਕਨ ਪੈਲੇਸ' ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਕੀਤੀ ਗਈ ਵੀਡੀਓ ਵਿੱਚ ਹਜ਼ਾਰਾਂ ਲੋਕ ਸੂਡਾਨ ਦੇ ਝੰਡੇ ਲਹਿਰਾਉਂਦੇ ਹੋਏ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾਣ ਕਾਰਨ ਧੂੰਏਂ ਵਿੱਚ ਦੌੜਦੇ ਹੋਏ ਦਿਖਾਇਆ ਗਿਆ ਹੈ। ਇੱਕ ਹੋਰ ਵੀਡੀਓ ਵਿੱਚ, ਪ੍ਰਦਰਸ਼ਨਕਾਰੀ ਬੈਨਰ ਫੜੇ ਦਿਖਾਈ ਦੇ ਰਹੇ ਹਨ, ਜਿਸ 'ਤੇ ਲਿਖਿਆ ਹੈ, "ਕੋਈ ਗੱਲਬਾਤ ਨਹੀਂ, ਕੋਈ ਸਾਂਝੇਦਾਰੀ ਨਹੀਂ।" ਉਨ੍ਹਾਂ ਨੇ ਫੌਜੀ ਸ਼ਾਸਕਾਂ ਨਾਲ ਕਿਸੇ ਵੀ ਕਿਸਮ ਦੇ ਸੱਤਾ-ਵੰਡ ਸਮਝੌਤੇ ਦਾ ਵਿਰੋਧ ਕੀਤਾ। ਸੂਡਾਨ ਦੇ ਪ੍ਰਮੁੱਖ ਲੋਕਤੰਤਰ ਪੱਖੀ ਸਮੂਹਾਂ, 'ਫੋਰਸਜ਼ ਫਾਰ ਦਿ ਡਿਕਲੇਰੇਸ਼ਨ ਆਫ ਫਰੀਡਮ ਐਂਡ ਚੇਂਜ' ਅਤੇ 'ਰੇਸਿਸਟੈਂਸ ਕਮੇਟੀਜ਼' ਨੇ ਫ਼ੌਜੀ ਤਖ਼ਤਾਪਲਟ ਨੂੰ ਉਲਟਾਉਣ ਦੀ ਮੰਗ ਨੂੰ ਦੁਹਰਾਉਣ ਲਈ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਸੀ। ਦੇਸ਼ ਵਿਚ ਪਿਛਲੇ ਸਾਲ 25 ਅਕਤੂਬਰ ਨੂੰ ਫ਼ੌਜ ਨੇ ਤਖ਼ਤਾਪਲਟ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਮਸ਼ਹੂਰ WWE ਐਂਕਰ ਕਾਇਲਾ ਬ੍ਰੈਕਸਟਨ ਦਾ ਖ਼ੁਲਾਸਾ, ਮਾਂ ਦੇ ਰੇਪ ਤੋਂ ਬਾਅਦ ਮੇਰਾ ਜਨਮ ਹੋਇਆ, ਨਹੀਂ ਪਤਾ ਪਿਤਾ ਕੌਣ'

 


cherry

Content Editor

Related News