ਕਰਮਚਾਰੀਆਂ ਦੀ ਹੜਤਾਲ ਕਾਰਨ 6 ਦਿਨ ਬੰਦ ਰਹਿਣ ਮਗਰੋਂ ਸੈਲਾਨੀਆਂ ਲਈ ਮੁੜ ਖੋਲ੍ਹਿਆ ਗਿਆ ਐਫਿਲ ਟਾਵਰ
Monday, Feb 26, 2024 - 01:50 PM (IST)
ਪੈਰਿਸ (ਭਾਸ਼ਾ)- ਇਤਿਹਾਸਕ ਸਥਾਨ ਦੀ ਬਿਹਤਰ ਸਾਂਭ-ਸੰਭਾਲ ਅਤੇ ਤਨਖ਼ਾਹ ਵਿਚ ਵਾਧੇ ਦੀ ਮੰਗ ਨੂੰ ਲੈ ਕੇ ਹੜਤਾਲ ਕਰ ਰਹੇ ਕਰਮਚਾਰੀਆਂ ਕਾਰਨ 6 ਦਿਨਾਂ ਤੋਂ ਬੰਦ ਰਹੇ ਐਫਿਲ ਟਾਵਰ ਨੂੰ ਐਤਵਾਰ ਨੂੰ ਮੁੜ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ। ਇਸ 330 ਮੀਟਰ (1,083 ਫੁੱਟ) ਉੱਚੇ ਟਾਵਰ ਦੇ ਸੰਚਾਲਕ ਨੇ ਇਕ ਬਿਆਨ ਵਿਚ ਕਿਹਾ ਕਿ ਮੁਰੰਮਤ ਦੇ ਕੰਮ ਲਈ 2031 ਤੱਕ 39 ਕਰੋੜ ਯੂਰੋ (ਲਗਭਗ 41.2 ਕਰੋੜ ਅਮਰੀਕੀ ਡਾਲਰ) ਦਾ ਨਿਵੇਸ਼ ਅਲਾਟ ਕਰਨ ਦਾ ਵਾਅਦਾ ਕੀਤਾ ਗਿਆ, ਜਿਸ ਤੋਂ ਬਾਅਦ ਕਰਮਚਾਰੀਆਂ ਦੀ ਨੁਮਾਇੰਦਗੀ ਕਰ ਰਹੀਆਂ ਮੁਲਾਜ਼ਮ ਜਥੇਬੰਦੀਆਂ ਨਾਲ ਸਮਝੌਤਾ ਹੋਇਆ।
ਇਹ ਵੀ ਪੜ੍ਹੋ: ਪਤੀ ਦੀ ਲਾਸ਼ ਨਾਲ ਜਹਾਜ਼ 'ਚ ਸਫ਼ਰ ਕਰਦੀ ਰਹੀ ਪਤਨੀ, ਨਹੀਂ ਲੱਗੀ ਮੌਤ ਦੀ ਭਿਣਕ
ਸੰਚਾਲਕ ਨੇ ਇਸ ਹਫ਼ਤੇ ਤਨਖ਼ਾਹ ਨੂੰ ਲੈ ਕੇ ਵੀ ਗੱਲਬਾਤ ਸ਼ੁਰੂ ਕੀਤੀ ਹੈ, ਜਿਸ ਨੂੰ ਅਗਲੇ ਮਹੀਨੇ ਅੰਤਿਮ ਰੂਪ ਦਿੱਤੇ ਜਾਣ ਦੀ ਉਮੀਦ ਹੈ। ਹੜਤਾਲ 'ਤੇ ਗਏ ਕਰਮਚਾਰੀਆਂ ਨੇ ਟਿਕਟਾਂ ਦੀ ਵਿਕਰੀ ਤੋਂ ਹੋਣ ਵਾਲੇ ਮਾਲੀਏ ਦੇ ਅਨੁਪਾਤ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਹੈ। ਇਹ 135 ਸਾਲ ਪੁਰਾਣਾ ਟਾਵਰ 26 ਜੁਲਾਈ ਤੋਂ 11 ਅਗਸਤ ਤੱਕ ਪੈਰਿਸ ਖੇਡਾਂ ਅਤੇ ਅਗਲੀਆਂ ਪੈਰਾਲੰਪਿਕ ਖੇਡਾਂ ਵਿਚ ਪ੍ਰਮੁੱਖਤਾ ਨਾਲ ਨਜ਼ਰ ਆਏਗਾ। ਐਫਿਲ ਟਾਵਰ ਆਮ ਤੌਰ 'ਤੇ ਸਾਲ ਦੇ 365 ਦਿਨ ਖੁੱਲ੍ਹਾ ਰਹਿੰਦਾ ਹੈ। ਪਿਛਲੇ ਸਾਲ, ਦੇਸ਼ ਦੀ ਪੈਨਸ਼ਨ ਪ੍ਰਣਾਲੀ ਵਿੱਚ ਸੁਧਾਰ ਕਰਨ ਦੀਆਂ ਸਰਕਾਰੀ ਯੋਜਨਾਵਾਂ ਦੇ ਵਿਰੁੱਧ ਫਰਾਂਸ ਭਰ ਵਿੱਚ ਜਨਤਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਸਮਾਰਕ ਨੂੰ 10 ਦਿਨਾਂ ਲਈ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।