ਮਿਸਰ ਦੇ ਰਾਸ਼ਟਰਪਤੀ ਨੇ ਕਿਹਾ— ਮਸਜਿਦ ਹਮਲੇ ਦਾ ਬਦਲਾ ਲਿਆ ਜਾਵੇਗਾ

Saturday, Nov 25, 2017 - 03:35 PM (IST)

ਕਾਹਿਰਾ (ਏਜੰਸੀ)— ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨੇ ਸ਼ੁੱਕਰਵਾਰ ਨੂੰ ਮਿਸਰ ਦੇ ਉੱਤਰੀ ਸਿਨਾਈ ਦੀ ਇਕ ਮਸਜਿਦ 'ਤੇ ਹੋਏ ਅੱਤਵਾਦੀ ਹਮਲੇ ਦਾ ਬਦਲਾ ਲੈਣ ਦੀ ਗੱਲ ਆਖੀ ਹੈ। ਇਸ ਹਮਲੇ ਵਿਚ 270 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 100 ਤੋਂ ਵਧ ਲੋਕ ਜ਼ਖਮੀ ਹੋ ਗਏ। ਇਕ ਨਿਊਜ਼ ਏਜੰਸੀ ਮੁਤਾਬਕ ਅਲ-ਸੀਸੀ ਨੇ ਟੀ. ਵੀ. ਸੰਬੋਧਨ ਵਿਚ ਕਿਹਾ ਕਿ ਇਹ ਦੇਸ਼ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਭਿਆਨਕ ਹਮਲਾ ਹੈ। 
ਰਾਸ਼ਟਰਪਤੀ ਨੇ ਕਿਹਾ ਕਿ ਮਿਸਰ ਦੇ ਸੁਰੱਖਿਆ ਫੋਰਸ ਇਨ੍ਹਾਂ ਮੌਤਾਂ ਦਾ ਬਦਲਾ ਲੈਣਗੇ ਅਤੇ ਇਨ੍ਹਾਂ ਅੱਤਵਾਦੀ ਹਮਲਿਆਂ ਦਾ ਮੂੰਹ ਤੋੜ ਜਵਾਬ ਦੇਣਗੇ। ਉਨ੍ਹਾਂ ਨੇ ਕਿਹਾ ਕਿ ਇਹ ਹਮਲਾ ਅੱਤਵਾਦ ਨਾਲ ਨਜਿੱਠਣ ਲਈ ਕੀਤੀਆਂ ਜਾ ਰਹੀਆਂ ਸਾਡੀਆਂ ਕੋਸ਼ਿਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਸੀ। ਇਹ ਸਾਡੀ ਇੱਛਾ ਸ਼ਕਤੀ ਨੂੰ ਖਤਮ ਕਰਨ ਦੀ ਕੋਸ਼ਿਸ਼ ਸੀ। ਅਲ-ਸੀਸੀ ਨੇ ਕਿਹਾ ਕਿ ਅਸੀਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਾਂਗੇ। ਸਾਡੀ ਫੌਜ ਅਤੇ ਪੁਲਸ ਸ਼ਹੀਦਾਂ ਦੀ ਮੌਤ ਦਾ ਬਦਲਾ ਲੈਣਗੇ ਅਤੇ ਅਗਲੇ ਕੁਝ ਹੀ ਦਿਨਾਂ ਵਿਚ ਸਥਿਰਤਾ ਅਤੇ ਸੁਰੱਖਿਆ ਦੀ ਬਹਾਲੀ ਕਰਾਂਗੇ। ਰਾਸ਼ਟਰਪਤੀ ਨੇ ਇਸ ਦੇ ਨਾਲ ਹੀ ਦੇਸ਼ 'ਚ 3 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।


Related News