ਚੀਨ 327 ਅਰਬ ਡਾਲਰ ਦੇ ਖਰਾਬ ਖਪਤਕਾਰ ਕਰਜ਼ੇ ਨੂੰ ਨਿਪਟਾਉਣ ਲਈ ਕਰ ਰਿਹੈ ਜੱਦੋ-ਜਹਿਦ

Tuesday, Sep 29, 2026 - 01:06 PM (IST)

ਚੀਨ 327 ਅਰਬ ਡਾਲਰ ਦੇ ਖਰਾਬ ਖਪਤਕਾਰ ਕਰਜ਼ੇ ਨੂੰ ਨਿਪਟਾਉਣ ਲਈ ਕਰ ਰਿਹੈ ਜੱਦੋ-ਜਹਿਦ

ਇੰਟਰਨੈਸ਼ਨਲ ਡੈਸਕ- ਚੀਨ ਵਿੱਚ ਉਪਭੋਗਤਾ ਕਰਜ਼ੇ ਦੇ ਲਗਭਗ 327 ਅਰਬ ਡਾਲਰ (2.2 ਟ੍ਰਿਲੀਅਨ ਯੂਆਨ) ਦੇ 'ਡੁੱਬਣ' ਕਾਰਨ ਬੈਂਕਿੰਗ ਖੇਤਰ ਵਿੱਚ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਚੀਨੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਮੁਹਿੰਮਾਂ ਦੇ ਬਾਵਜੂਦ ਬੈਂਕਾਂ ਲਈ ਇਸ ਖਰਾਬ ਕਰਜ਼ੇ (NPLs) ਨੂੰ ਸਾਫ਼ ਕਰਨਾ ਬਹੁਤ ਔਖਾ ਹੋ ਰਿਹਾ ਹੈ। ਰਿਸਰਚ ਫਰਮ 'ਗਾਵੇਕਲ ਡ੍ਰੈਗਨੋਮਿਕਸ' ਦੇ ਅੰਕੜਿਆਂ ਮੁਤਾਬਕ 2025 ਦੇ ਅੰਤ ਤੱਕ ਚੀਨ ਵਿੱਚ ਲਗਭਗ 10 ਕਰੋੜ ਲੋਕ (ਬਾਲਗ ਆਬਾਦੀ ਦਾ 10ਵਾਂ ਹਿੱਸਾ) ਆਪਣੇ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਵਿੱਚ ਨਾਕਾਮ ਰਹੇ ਹਨ।

ਕਰਜ਼ੇ ਦੀ ਵਸੂਲੀ ਲਈ ਚੀਨੀ ਬੈਂਕਾਂ ਨੇ ਇਹ ਖਰਾਬ ਕਰਜ਼ੇ ਸੰਪਤੀ ਪ੍ਰਬੰਧਨ ਕੰਪਨੀਆਂ ਨੂੰ ਬਹੁਤ ਹੀ ਸਸਤੇ ਭਾਅ 'ਤੇ ਵੇਚੇ ਸਨ। ਇਹ ਕੰਪਨੀਆਂ ਅੱਗੇ ਕਰਜ਼ਾ ਵਸੂਲੀ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਨਾਲ ਲੋਕਾਂ ਤੋਂ ਪੈਸੇ ਵਸੂਲ ਰਹੀਆਂ ਸਨ। ਹਾਲਾਂਕਿ, ਜਨਤਕ ਸੁਰੱਖਿਆ ਅਤੇ ਸਮਾਜਿਕ ਸਥਿਰਤਾ ਦਾ ਹਵਾਲਾ ਦਿੰਦਿਆਂ ਚੀਨੀ ਅਧਿਕਾਰੀਆਂ ਨੇ ਕਰਜ਼ਾ ਵਸੂਲੀ ਕਰਨ ਵਾਲੀਆਂ ਇਨ੍ਹਾਂ ਕੰਪਨੀਆਂ 'ਤੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਇਸ ਸਰਕਾਰੀ ਸ਼ਿਕੰਜੇ ਕਾਰਨ ਕਈ ਵਸੂਲੀ ਏਜੰਸੀਆਂ ਨੇ ਆਪਣੇ ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਹੈ ਅਤੇ ਕਈ ਫਰਮਾਂ ਬੰਦ ਹੋ ਗਈਆਂ ਹਨ, ਜਿਸ ਨਾਲ ਕਰਜ਼ਾ ਵਸੂਲੀ ਦੀ ਰਫ਼ਤਾਰ ਕਾਫ਼ੀ ਧੀਮੀ ਪੈ ਗਈ ਹੈ।

ਸਾਲ 2026 ਦੇ ਪਹਿਲੇ 8 ਮਹੀਨਿਆਂ ਵਿੱਚ ਹੀ 275 ਅਰਬ ਯੂਆਨ ਤੋਂ ਵੱਧ ਦੇ ਅਨ-ਸਿਕਿਓਰਡ ਲੋਨ ਵਿਕਰੀ ਲਈ ਰੱਖੇ ਗਏ ਸਨ। ਕਈ ਮਾਮਲਿਆਂ ਵਿੱਚ ਇਹ ਕਰਜ਼ੇ ਉਨ੍ਹਾਂ ਦੀ ਅਸਲ ਕੀਮਤ ਦੇ ਮਹਿਜ਼ 1 ਤੋਂ 7 ਫ਼ੀਸਦੀ ਭਾਅ 'ਤੇ ਵੇਚੇ ਜਾ ਰਹੇ ਹਨ। ਸ਼ੰਘਾਈ ਵਿੱਚ ਏਜੰਸੀ ਚਲਾਉਣ ਵਾਲੇ ਜੋਏ ਜ਼ੂ ਅਨੁਸਾਰ ਕਰਜ਼ਾਈਆਂ ਵਿੱਚ ਵੱਡੀ ਗਿਣਤੀ 20 ਤੋਂ 35 ਸਾਲ ਦੇ ਨੌਜਵਾਨਾਂ ਦੀ ਹੈ, ਜਿਨ੍ਹਾਂ ਕੋਲ ਕਰਜ਼ਾ ਮੋੜਨ ਦੀ ਕੋਈ ਸਮਰੱਥਾ ਨਹੀਂ ਬਚੀ ਹੈ। ਜ਼ੂ ਨੇ ਦੱਸਿਆ ਕਿ ਸਰਕਾਰੀ ਸਖ਼ਤੀ ਕਾਰਨ ਉਨ੍ਹਾਂ ਨੂੰ ਆਪਣੇ 500 ਕਰਮਚਾਰੀਆਂ ਨੂੰ ਨੌਕਰੀਓਂ ਕੱਢਣਾ ਪਿਆ ਹੈ।

ਅਮਰੀਕਾ ਦੇ ਉਲਟ ਚੀਨ ਵਿੱਚ ਕੋਈ ਰਾਸ਼ਟਰੀ ਵਿਅਕਤੀਗਤ ਦਿਵਾਲੀਆ ਪ੍ਰਣਾਲੀ ਨਹੀਂ ਹੈ, ਜਿਸ ਕਾਰਨ ਆਰਥਿਕ ਤੌਰ 'ਤੇ ਕੰਗਾਲ ਹੋ ਚੁੱਕੇ ਉਧਾਰਕਰਤਾਵਾਂ ਕੋਲ ਆਪਣੇ ਅਣ-ਮੋੜੇ ਕਰਜ਼ੇ ਨੂੰ ਕਾਨੂੰਨੀ ਤੌਰ 'ਤੇ ਮਾਫ਼ ਕਰਵਾਉਣ ਦਾ ਕੋਈ ਤਰੀਕਾ ਨਹੀਂ ਹੈ। ਚੀਨ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ 'ਇੰਡਸਟਰੀਅਲ ਐਂਡ ਕਮਰਸ਼ੀਅਲ ਬੈਂਕ ਆਫ਼ ਚਾਈਨਾ' (ICBC) ਦੇ ਕ੍ਰੈਡਿਟ ਕਾਰਡ ਓਵਰਡ੍ਰਾਫ਼ਟ ਦਾ ਐੱਨ.ਪੀ.ਏ. ਜੂਨ 2026 ਵਿੱਚ ਵਧ ਕੇ 5.37 ਫ਼ੀਸਦੀ ਤੱਕ ਪਹੁੰਚ ਗਿਆ ਹੈ, ਜੋ 2025 ਦੇ ਅੰਤ ਵਿੱਚ 4.61 ਫ਼ੀਸਦੀ ਸੀ। ਮਾਹਰਾਂ ਦਾ ਮੰਨਣਾ ਹੈ ਕਿ ਕਰਜ਼ੇ ਦੀ ਵਸੂਲੀ ਧੀਮੀ ਹੋਣ ਨਾਲ ਨਿਵੇਸ਼ਕ ਅਤੇ ਸੰਪਤੀ ਪ੍ਰਬੰਧਕ ਬੈਂਕਾਂ ਤੋਂ ਹੋਰ ਖਰਾਬ ਕਰਜ਼ੇ ਖ਼ਰੀਦਣ ਤੋਂ ਕਤਰਾ ਰਹੇ ਹਨ, ਜਿਸ ਨਾਲ ਬੈਂਕਾਂ ਦੀਆਂ ਬੈਲੇਂਸ ਸ਼ੀਟਾਂ 'ਤੇ ਬੋਝ ਹੋਰ ਵਧੇਗਾ। ਪ੍ਰੋਪਰਟੀ ਮਾਰਕੀਟ ਵਿੱਚ 2021 ਤੋਂ ਚੱਲ ਰਹੀ ਮੰਦੀ ਅਤੇ ਹੁਣ ਉਪਭੋਗਤਾ ਕਰਜ਼ਿਆਂ ਦੇ ਡੁੱਬਣ ਨਾਲ ਚੀਨ ਦੀ ਅਰਥਵਿਵਸਥਾ ਵਿੱਚ ਸੁਧਾਰ ਦੀਆਂ ਸੰਭਾਵਨਾਵਾਂ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News