ਅਲਬੀਨੀਆ 'ਚ ਭੂਚਾਲ ਕਾਰਨ 6 ਲੋਕਾਂ ਦੀ ਮੌਤ ਤੇ ਕਈ ਜ਼ਖਮੀ
Tuesday, Nov 26, 2019 - 12:03 PM (IST)

ਤਿਰਾਨਾ— ਅਲਬੀਨੀਆ 'ਚ ਮੰਗਲਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ 6 ਲੋਕਾਂ ਦੀ ਮੌਤ ਹੋਣ ਅਤੇ ਘੱਟ ਤੋਂ ਘੱਟ 300 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਭੂਚਾਲ ਦੀ ਤੀਬਰਤਾ 6.4 ਰਹੀ । ਕਈ ਇਮਾਰਤਾਂ ਨੁਕਸਾਨੀਆਂ ਗਈਆਂ ਹਨ। ਡਰੇ ਹੋਏ ਲੋਕ ਘਰਾਂ 'ਚੋਂ ਬਾਹਰ ਆ ਗਏ। ਲੋਕਾਂ ਦੇ ਘਰਾਂ ਦੀਆਂ ਕੰਧਾਂ 'ਤੇ ਤਰੇੜਾਂ ਪੈ ਗਈਆਂ ਤੇ ਕਾਫੀ ਨੁਕਸਾਨ ਹੋਇਆ। ਅਲਬਾਨੀਆ ਦੇ ਤਟ 'ਤੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
।
ਸਥਾਨਕ ਮੀਡੀਆ ਵਲੋਂ ਜਾਰੀ ਤਸਵੀਰਾਂ 'ਚ ਵਾਹਨਾਂ 'ਤੇ ਮਲਬਾ ਡਿੱਗਿਆ ਦੇਖਿਆ ਜਾ ਸਕਦਾ ਹੈ। ਲੋਕਲ ਮੀਡੀਆ ਮੁਤਾਬਕ ਇਕ ਰੈਸਟੋਰੈਂਟ ਢਹਿ-ਢੇਰੀ ਹੋ ਗਿਆ ਅਤੇ ਫੌਜ ਨੇ ਲੋਕਾਂ ਨੂੰ ਬਾਹਰ ਕੱਢਣ 'ਚ ਮਦਦ ਕੀਤੀ। ਜ਼ਖਮੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ।
ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਕ ਇਮਾਰਤ ਢਹਿਣ ਕਾਰਨ ਇਕ ਔਰਤ ਤੇ ਇਕ ਵਿਅਕਤੀ ਦੀ ਮੌਤ ਹੋ ਗਈ। ਕੁਰਬਿਨ 'ਚ ਇਕ ਵਿਅਕਤੀ ਭੂਚਾਲ ਕਾਰਨ ਘਬਰਾ ਗਿਆ ਤੇ ਉਸ ਨੇ ਆਪਣੇ ਘਰ 'ਚੋਂ ਛਾਲ ਮਾਰ ਦਿੱਤੀ ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ। ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦੇ ਝਟਕਿਆਂ ਕਾਰਨ ਇਕ ਹੋਰ ਇਮਾਰਤ ਢਹਿਣ ਕਾਰਨ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ।