28 ਸਾਲਾਂ ਬਾਅਦ ਭੂਚਾਲ ਦਾ ਜ਼ੋਰਦਾਰ ਝਟਕਾ! ਢਾਕਾ 'ਚ 3 ਲੋਕਾਂ ਦੀ ਮੌਤ, 100 ਤੋਂ ਵਧੇਰੇ ਜ਼ਖਮੀ

Friday, Nov 21, 2025 - 03:03 PM (IST)

28 ਸਾਲਾਂ ਬਾਅਦ ਭੂਚਾਲ ਦਾ ਜ਼ੋਰਦਾਰ ਝਟਕਾ! ਢਾਕਾ 'ਚ 3 ਲੋਕਾਂ ਦੀ ਮੌਤ, 100 ਤੋਂ ਵਧੇਰੇ ਜ਼ਖਮੀ

ਢਾਕਾ : ਲਗਭਗ 28 ਸਾਲਾਂ ਦੇ ਵਕਫੇ ਤੋਂ ਬਾਅਦ, ਬੰਗਲਾਦੇਸ਼ 'ਚ ਸ਼ੁੱਕਰਵਾਰ (21 ਨਵੰਬਰ) ਨੂੰ ਭੂਚਾਲ ਦਾ ਇੱਕ ਜ਼ੋਰਦਾਰ ਝਟਕਾ ਮਹਿਸੂਸ ਕੀਤਾ ਗਿਆ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਜ਼ਖਮੀ ਹੋ ਗਏ।

ਬੰਗਲਾਦੇਸ਼ ਮੌਸਮ ਕੇਂਦਰ ਅਨੁਸਾਰ, ਸ਼ੁੱਕਰਵਾਰ ਨੂੰ ਮਹਿਸੂਸ ਕੀਤੇ ਗਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 5.7 ਦਰਜ ਕੀਤੀ ਗਈ ਹੈ। ਭੂਚਾਲ ਦਾ ਕੇਂਦਰ (Epicentre) ਨਰਸਿੰਗਡੀ ਸੀ। ਜ਼ਮੀਨ ਦੇ ਹੇਠਾਂ ਭੂਚਾਲ ਦੀ ਡੂੰਘਾਈ 10 ਕਿਲੋਮੀਟਰ ਸੀ। ਭੂਚਾਲ ਦਾ ਸਭ ਤੋਂ ਵੱਧ ਅਸਰ ਰਾਜਧਾਨੀ ਢਾਕਾ, ਨਰਸਿੰਗਡੀ ਅਤੇ ਗਾਜ਼ੀਪੁਰ ਇਲਾਕੇ ਵਿੱਚ ਦੇਖਿਆ ਗਿਆ। ਇਸ ਦਾ ਅਸਰ ਉੱਤਰੀ ਬੰਗਾਲ ਦੇ ਕੁਝ ਸ਼ਹਿਰਾਂ ਵਿੱਚ ਵੀ ਮਹਿਸੂਸ ਕੀਤਾ ਗਿਆ।

ਜਾਨੀ ਅਤੇ ਮਾਲੀ ਨੁਕਸਾਨ 
ਭੂਚਾਲ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ ਤੇ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਮਿੰਟਫੋਰਡ ਹਸਪਤਾਲ ਮੁਤਾਬਕ, ਢਾਕਾ 'ਚ ਸੀੜ੍ਹੀਆਂ ਦੀਆਂ ਰੇਲਿੰਗਾਂ ਟੁੱਟਣ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਤਿੰਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਭੂਚਾਲ ਨੇ ਢਾਕਾ ਦੇ ਕਈ ਮਕਾਨਾਂ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਕਈ ਥਾਵਾਂ 'ਤੇ ਘਰਾਂ ਦੇ ਛੱਜੇ ਡਿੱਗ ਪਏ ਹਨ। ਜ਼ਖਮੀ ਹੋਏ ਜ਼ਿਆਦਾਤਰ ਲੋਕ ਨਰਸਿੰਗਡੀ ਦੇ ਰਹਿਣ ਵਾਲੇ ਹਨ।

ਨਰਸਿੰਗਡੀ ਦੇ ਰੈਜ਼ੀਡੈਂਟ ਮੈਡੀਕਲ ਅਫ਼ਸਰ (RMO) ਫਰੀਦਾ ਗੁਲਸ਼ਨਾਰਾ ਕਬੀਰ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖਲ ਹੋਏ ਜ਼ਿਆਦਾਤਰ ਲੋਕਾਂ ਨੂੰ ਘਬਰਾਹਟ ਦੇ ਦੌਰੇ (ਪੈਨਿਕ ਅਟੈਕ)  ਕਾਰਨ ਭਰਤੀ ਕਰਵਾਇਆ ਗਿਆ ਹੈ। ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ।

ਪ੍ਰਸ਼ਾਸਨ ਦਾ ਐਕਸ਼ਨ
ਬੰਗਲਾਦੇਸ਼ ਦੇ ਭੂ-ਵਿਗਿਆਨੀ ਹੁਮਾਯੂੰ ਕਬੀਰ ਅਨੁਸਾਰ, ਇਹ ਭੂਚਾਲ ਇੰਡੋ-ਬਰਮਾ ਟੈਕਟੋਨਿਕ ਪਲੇਟਾਂ ਦੀ ਟੱਕਰ ਕਾਰਨ ਮਹਿਸੂਸ ਕੀਤਾ ਗਿਆ ਹੈ। ਭੂਚਾਲ ਤੋਂ ਬਾਅਦ ਢਾਕਾ ਸਮੇਤ ਵੱਡੇ ਸ਼ਹਿਰਾਂ 'ਚ ਬਿਜਲੀ ਗੁੱਲ ਹੋ ਗਈ। ਬੰਗਲਾਦੇਸ਼ ਸਰਕਾਰ ਨੇ ਰਾਹਤ ਅਤੇ ਬਚਾਅ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਫਾਇਰਬ੍ਰਿਗੇਡ ਵਿਭਾਗ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਵਿੱਚ 1997 ਵਿੱਚ ਚਟਗਾਂਵ ਵਿੱਚ 6.1 ਤੀਬਰਤਾ ਦਾ ਭੂਚਾਲ ਆਇਆ ਸੀ।


author

Baljit Singh

Content Editor

Related News