ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਘਰਾਂ ਤੋਂ ਬਾਹਰ ਭੱਜੇ ਲੋਕ
Thursday, Oct 22, 2026 - 09:06 PM (IST)
ਇੰਟਰਨੈਸ਼ਨਲ ਡੈਸਕ : ਚੀਨ ਦੇ ਤਿੱਬਤ ਖੇਤਰ ਵਿੱਚ ਵੀਰਵਾਰ ਨੂੰ 7.0 ਦੀ ਤੀਬਰਤਾ ਦਾ ਜ਼ੋਰਦਾਰ ਭੂਚਾਲ ਆਇਆ, ਜਿਸ ਨਾਲ ਪੂਰੀ ਧਰਤੀ ਕੰਬ ਗਈ। ਭਾਰਤ ਦੇ ਨੈਸ਼ਨਲ ਸੈਂਟਰ ਫ਼ਾਰ ਸੀਸਮੋਲੋਜੀ (NCS) ਅਨੁਸਾਰ, ਭੂਚਾਲ ਭਾਰਤੀ ਸਮੇਂ ਅਨੁਸਾਰ ਰਾਤ ਲਗਭਗ 8:03 ਵਜੇ ਆਇਆ। ਇਸ ਭੂਚਾਲ ਦਾ ਕੇਂਦਰ ਜ਼ਮੀਨ ਤੋਂ 173 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਭੂਚਾਲ ਦੇ ਝਟਕੇ ਸਥਾਨਕ ਇਲਾਕੇ ਵਿੱਚ ਸਪੱਸ਼ਟ ਤੌਰ 'ਤੇ ਮਹਿਸੂਸ ਕੀਤੇ ਗਏ, ਹਾਲਾਂਕਿ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।
ਚੀਨ ਦੇ ਅਰਥਕੁਏਕ ਨੈੱਟਵਰਕ ਸੈਂਟਰ (CENC) ਮੁਤਾਬਕ, ਭੂਚਾਲ ਸਥਾਨਕ ਸਮੇਂ ਅਨੁਸਾਰ ਰਾਤ ਲਗਭਗ 10:33 ਵਜੇ ਉੱਤਰੀ ਤਿੱਬਤ ਦੇ ਨਾਗਚੂ ਖੇਤਰ ਵਿੱਚ ਆਇਆ। ਇਸ ਦਾ ਕੇਂਦਰ ਤਿੱਬਤ ਦੀ ਰਾਜਧਾਨੀ ਲ੍ਹਾਸਾ ਤੋਂ ਲਗਭਗ 400 ਕਿਲੋਮੀਟਰ ਦੂਰ ਸੀ। ਦੂਜੇ ਪਾਸੇ, ਜਰਮਨ ਰਿਸਰਚ ਸੈਂਟਰ ਫ਼ਾਰ ਜੀਓਸਾਇੰਸਜ਼ (GFZ) ਨੇ ਸ਼ੁਰੂਆਤ ਵਿੱਚ ਭੂਚਾਲ ਦੀ ਡੂੰਘਾਈ 10 ਕਿਲੋਮੀਟਰ ਦੱਸੀ ਸੀ।
ਫਿਲਹਾਲ ਇਸ ਭੂਚਾਲ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ਬਾਰੇ ਕੋਈ ਸਪੱਸ਼ਟ ਅੰਕੜਾ ਸਾਹਮਣੇ ਨਹੀਂ ਆਇਆ ਹੈ ਅਤੇ ਪ੍ਰਸ਼ਾਸਨ ਵੱਲੋਂ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਭੂਚਾਲ ਅਜਿਹੇ ਸਮੇਂ ਆਇਆ ਹੈ ਜਦੋਂ ਕੁਝ ਹਫ਼ਤੇ ਪਹਿਲਾਂ ਹੀ ਨੇਪਾਲ-ਚੀਨ ਸਰਹੱਦ ਦੇ ਪਹਾੜੀ ਇਲਾਕਿਆਂ ਵਿੱਚ ਗਲੇਸ਼ੀਅਰ ਖਿਸਕਣ ਕਾਰਨ ਆਏ ਭਿਆਨਕ ਹੜ੍ਹਾਂ ਅਤੇ ਲੈਂਡਸਲਾਇਡਜ਼ (ਜ਼ਮੀਨ ਖਿਸਕਣ) ਕਾਰਨ 1,400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
