ਦੁਬਈ ਦੀ ਲੋਕਾਂ ਨੂੰ ਅਪੀਲ, ਜਨਤਕ ਥਾਵਾਂ ਤੇ ਮਾਲ ''ਚ ਮੰਨੋ ਕੋਵਿਡ-19 ਸਬੰਧੀ ਨਿਯਮ, ਨਹੀਂ ਤਾਂ...

Friday, Sep 11, 2020 - 02:01 AM (IST)

ਦੁਬਈ ਦੀ ਲੋਕਾਂ ਨੂੰ ਅਪੀਲ, ਜਨਤਕ ਥਾਵਾਂ ਤੇ ਮਾਲ ''ਚ ਮੰਨੋ ਕੋਵਿਡ-19 ਸਬੰਧੀ ਨਿਯਮ, ਨਹੀਂ ਤਾਂ...

ਦੁਬਈ: ਦੁਬਈ ਦੀ ਸੰਕਟ ਅਤੇ ਐਮਰਜੈਂਸੀ ਪ੍ਰਬੰਧਨ ਵਾਲੀ ਸੁਪਰੀਮ ਕਮੇਟੀ, ਜਿਸ ਦੀ ਅਗਵਾਈ ਸ਼ੇਖ ਮਨਸੂਰ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਕਰਦੇ ਹਨ, ਨੇ ਵੀਰਵਾਰ ਨੂੰ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿਚ ਕੋਵਿਡ-19 ਸਬੰਧੀ ਜਨਤਕ ਸਥਾਨਾਂ ਅਤੇ ਮਾਲਜ਼ ਵਿਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦਾ ਗੰਭੀਰਤਾ ਨਾਲ ਪਾਲਣ ਕਰਨ ਨਹੀਂ ਤਾਂ ਉਹ ਜੁਰਮਾਨੇ ਭਰਨ ਲਈ ਤਿਆਰ ਰਹਿਣ।

ਵੀਰਵਾਰ ਨੂੰ ਇਸ ਸਬੰਧੀ ਹੋਈ ਮੀਟਿੰਗ ਵਿਚ ਰੋਕਥਾਮ ਉਪਾਵਾਂ ਦਾ ਸਖਤੀ ਨਾਲ ਪਾਲਣ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਕਮੇਟੀ ਨੇ ਕਿਹਾ ਕਿ ਰਾਸ਼ਟਰੀ ਐਮਰਜੈਂਸੀ ਸੰਕਟ ਤੇ ਆਫਤ ਪ੍ਰਬੰਧਨ ਅਥਾਰਟੀ (ਐੱਨ.ਸੀ.ਏ.ਐੱਮ.ਏ.) ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਕੋਰੋਨਾ ਮਹਾਮਾਰੀ ਨੂੰ ਰੋਕਣ ਸਬੰਧੀ ਕੋਸ਼ਿਸ਼ਾਂ ਨੂੰ ਅੱਗੇ ਵਧਾਇਆ ਜਾ ਸਕੇ। ਮੀਟਿੰਗ ਦੌਰਾਨ ਸ਼ੇਖ ਮਨਸੂਰ ਨੇ ਕਿਹਾ ਕਿ ਸਾਡੇ ਸਾਰਿਆਂ ਦੀ ਜ਼ਿੰਮੇਦਾਰੀ ਬਣਦੀ ਹੈ ਕਿ ਅਸੀਂ ਲੋਕਾਂ ਨੂੰ ਇਸ ਲੜਾਈ ਵਿਚ ਸਾਥ ਦੇਣ ਲਈ ਉਤਸ਼ਾਹਿਤ ਕਰੀਏ। ਉਨ੍ਹਾਂ ਕਿਹਾ ਕਿ ਭਾਈਚਾਰੇ ਦਾ ਹਰ ਮੈਂਬਰ ਇਸ ਸੰਕਟ ਨਾਲ ਲੜਨ ਲਈ ਵਚਨਬੱਧ ਹੈ। ਸਾਨੂੰ ਖੁਦ ਨੂੰ, ਆਪਣੇ ਪਰਿਵਾਰਾਂ ਤੇ ਆਪਣੇ ਨੇੜੇ ਦੇ ਹੋਰ ਲੋਕਾਂ ਦੀ ਰੱਖਿਆ ਲਈ ਇਕ ਦ੍ਰਿੜ ਵਚਨਬੱਧਤਾ ਨਾਲ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ ਤਾਂ ਜੋ ਅਸੀਂ ਇਸ ਸੰਕਟ 'ਤੇ ਕਾਬੂ ਪਾ ਸਕੀਏ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੀ ਤਰਜੀਹ ਆਪਣੇ ਭਾਈਚਾਰੇ ਨੂੰ ਸਿਹਤਮੰਦ ਰੱਖਣ ਦੀ ਹੈ। ਕਮੇਟੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਵਧਾਨੀ ਦੇ ਉਪਾਵਾਂ ਨਾਲ ਸਬੰਧਤ ਕਾਨੂੰਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਤੇ ਯੂ.ਏ.ਈ. ਕੈਬਨਿਟ ਵੱਲੋਂ ਜਾਰੀ ਰੋਕਥਾਮ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ ਜੁਰਮਾਨੇ ਵੀ ਸੂਚੀ ਮੁਤਾਬਕ ਲਾਏ ਜਾਣਗੇ। ਜਨਤਕ ਸਹੂਲਤ ਕੇਂਦਰਾਂ ਅੰਦਰ ਫੇਸ ਮਾਸਕ ਨਹੀਂ ਪਹਿਨਣ ਵਾਲੇ ਵਿਅਕਤੀਆਂ ਦੇ ਨਾਲ-ਨਾਲ ਰੈਸਟੋਰੈਂਟਾਂ ਤੇ ਮਾਲਾਂ ਵਿਚ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸੂਚੀ ਅਨੁਸਾਰ ਜੁਰਮਾਨੇ ਦਾ ਸਾਹਮਣਾ ਕਰਨਾ ਪਏਗਾ। ਕਮੇਟੀ ਨੇ ਜ਼ੋਰ ਦੇ ਕੇ ਕਿਹਾ ਕਿ ਸੁਰੱਖਿਆ ਉਪਾਵਾਂ ਰਾਹੀਂ ਹੀ ਕੋਰੋਨਾ ਵਾਇਰਸ ਨੂੰ ਹਰਾਇਆ ਜਾ ਸਕਦਾ ਹੈ। 


author

Baljit Singh

Content Editor

Related News