ਹਸਪਤਾਲ ਦੀ ਦਰਿਆਦਿਲੀ, ਮੁਆਫ ਕੀਤਾ ਗਰੀਬ ਮਰੀਜ਼ ਦਾ 1.52 ਕਰੋੜ ਦਾ ਬਿੱਲ

07/16/2020 7:11:50 PM

ਦੁਬਈ - ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਹਸਪਤਾਲਾਂ 'ਚ ਦਾਖਲ ਹਨ। ਸਰਕਾਰੀ ਹਸਪਤਾਲ 'ਚ ਭੀੜ੍ਹ ਹੈ। ਜਦੋਂ ਕਿ ਪ੍ਰਾਈਵੇਟ ਹਸਪਤਾਲਾਂ ਦੀ ਫੀਸ ਇੰਨੀ ਜ਼ਿਆਦਾ ਹੈ ਕਿ ਗਰੀਬ ਉਸ 'ਚ ਜਾਣ ਦੀ ਸੋਚ ਵੀ ਨਹੀਂ ਸਕਦਾ। ਅਜਿਹੇ 'ਚ ਦੁਬਈ ਦੀ ਇੱਕ ਖਬਰ ਨੇ ਕਈ ਹਸਪਤਾਲਾਂ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਇਆ ਹੈ! ਦਰਅਸਲ, ਦੁਬਈ ਦੇ ਇੱਕ ਹਸਪਤਾਲ ਨੇ ਤੇਲੰਗਾਨਾ ਦੇ ਇੱਕ ਕੋਰੋਨਾ ਮਰੀਜ਼ ਦਾ ਨਾ ਸਿਰਫ ਇਲਾਜ ਕੀਤਾ ਸਗੋਂ ਉਸਦਾ 1.52 ਕਰੋੜ ਰੁਪਏ ਦਾ ਪੂਰਾ ਬਿੱਲ ਵੀ ਮੁਆਫ ਕਰ ਦਿੱਤਾ। ਅਤੇ ਹਾਂ, ਸ਼ਖਸ ਨੂੰ ਫਲਾਇਟ ਦੀ ਮੁਫਤ ਟਿਕਟ ਅਤੇ 10 ਹਜ਼ਾਰ ਰੁਪਏ ਦੇ ਕੇ ਵਾਪਸ ਭਾਰਤ ਵੀ ਭੇਜਿਆ।

80 ਦਿਨਾਂ ਤੱਕ ਦਾਖਲ ਸਨ ਹਸਪਤਾਲ 'ਚ
ਰਿਪੋਰਟ ਦੇ ਮੁਤਾਬਕ, ਤੇਲੰਗਾਨਾ ਦੇ ਜਗੀਤਾਲ ਦੇ ਰਹਿਣ ਵਾਲੇ 42 ਸਾਲਾ ਓਦਨਲਾ ਰਾਜੇਸ਼ ਨੂੰ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ 23 ਅਪ੍ਰੈਲ ਨੂੰ ਦੁਬਈ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਕਰੀਬ 80 ਦਿਨਾਂ ਤੱਕ ਉਨ੍ਹਾਂ ਦਾ ਇਲਾਜ ਚੱਲਿਆ ਅਤੇ ਉਹ ਠੀਕ ਹੋ ਗਏ। ਇਸ ਤੋਂ ਬਾਅਦ ਹਸਪਤਾਲ ਤੋਂ ਉਨ੍ਹਾਂ ਨੂੰ ਛੁੱਟੀ ਮਿਲੀ ਅਤੇ ਉਨ੍ਹਾਂ ਦਾ ਬਿੱਲ 7,62,555 ਦਿਰਹਮ (1 ਕਰੋੜ 52 ਲੱਖ ਰੁਪਏ) ਬਣਿਆ, ਜਿਸ ਦਾ ਭੁਗਤਾਨ ਕਰਨਾ ਉਨ੍ਹਾਂ ਲਈ ਕਾਫ਼ੀ ਮੁਸ਼ਕਲ ਸੀ।

ਰਾਜਦੂਤ ਨੇ ਕੀਤੀ ਗਰੀਬ ਦੀ ਮਦਦ
ਦੁਬਈ 'ਚ ‘ਗਲਫ ਵਰਕਰਸ ਪ੍ਰੋਟੈਕਸ਼ਨ ਸੋਸਾਇਟੀ’ ਦੇ ਪ੍ਰਧਾਨ ਗੁੰਦੇਲੀ ਨਰਸਿਮਹਾ ਰਾਜੇਸ਼ ਦੇ ਸੰਪਰਕ 'ਚ ਸਨ। ਅਸਲ 'ਚ ਉਹੀ ਰਾਜੇਸ਼ ਨੂੰ ਹਸਪਤਾਲ ਲੈ ਗਏ ਸਨ। ਉਨ੍ਹਾਂ ਨੇ ਬਿੱਲ ਦਾ ਮਾਮਲਾ ਦੁਬਈ 'ਚ ਭਾਰਤੀ ਵਪਾਰ ਦੂਤਘਰ ਦੇ ਅਧਿਕਾਰੀ ਸੁਮਨਾਥ ਰੈੱਡੀ   ਸਾਹਮਣੇ ਰੱਖਿਆ। ਫਿਰ ਰਾਜਦੂਤ ਹਰਜੀਤ ਸਿੰਘ ਨੇ ਦੁਬਈ ਦੇ ਹਸਪਤਾਲ ਪ੍ਰਬੰਧਨ ਨੂੰ ਇੱਕ ਚਿੱਠੀ ਲਿਖੀ ਅਤੇ ਮਨੁੱਖੀ ਆਧਾਰ 'ਤੇ ਉਸ ਗਰੀਬ ਦਾ ਬਿੱਲ ਮੁਆਫ ਕਰਨ ਦੀ ਬੇਨਤੀ ਕੀਤੀ।

ਹਸਪਤਾਲ ਨੇ ਦਿਖਾਈ ਦਰਿਆਦਿਲੀ
ਹਸਪਤਾਲ ਨੇ ਸਕਾਰਾਤਮਕ ਰਵੱਈਆ ਦਿਖਾਇਆ ਅਤੇ ਮਨੁੱਖਤਾ ਦੇ ਨਾਤੇ ਰਾਜੇਸ਼ ਦਾ ਪੂਰਾ ਬਿੱਲ ਮੁਆਫ ਕਰ ਦਿੱਤਾ। ਨਾਲ ਹੀ, ਰਾਜੇਸ਼ ਅਤੇ ਉਨ੍ਹਾਂ ਦੇ ਇੱਕ ਸਾਥੀ ਨੂੰ ਭਾਰਤ ਜਾਣ ਲਈ ਏਅਰ ਇੰਡੀਆ ਦਾ ਫ੍ਰੀ ਟਿਕਟ ਅਤੇ ਜੇਬ ਖਰਚ ਲਈ 10,000 ਰੁਪਏ ਵੀ ਦਿੱਤੇ। ਮੰਗਲਵਾਰ ਰਾਤ ਨੂੰ ਰਾਜੇਸ਼ ਆਪਣੇ ਵਤਨ ਪਰਤਿਆ, ਜਿੱਥੇ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਫਿਲਹਾਲ ਰਾਜੇਸ਼ ਨੂੰ 14 ਦਿਨਾਂ ਲਈ ਹੋਮ ਕੁਆਰੰਟੀਨ ਕੀਤਾ ਗਿਆ ਹੈ।


Inder Prajapati

Content Editor

Related News