ਦੁਬਈ ਦੇ ਉੱਘੇ ਪੰਜਾਬੀ ਬਿਜਨਸਮੈਨ ਹਰਮੀਕ ਸਿੰਘ ਦਾ ਅੱਜ ਰਿਲੀਜ਼ ਹੋਵੇਗਾ ਗੀਤ
Sunday, Mar 21, 2021 - 05:30 PM (IST)
ਦੁਬਈ (ਰਮਨਦੀਪ ਸਿੰਘ ਸੋਢੀ): ਭਾਰਤੀ ਲੋਕ ਦੁਨੀਆ ਦੇ ਜਿਸ ਹਿੱਸੇ ਵਿਚ ਵੀ ਗਏ ਹਨ ਉੱਥੇ ਆਪਣੀ ਮਿਹਨਤ ਸਦਕਾ ਨਾਮਣਾ ਖੱਟਿਆ ਹੈ। ਇਸ ਲੜੀ ਵਿਚ ਦੁਬਈ ਵਿਚ ਭਾਰਤੀ ਉਦਯੋਗਪਤੀ ਹਰਮੀਕ ਸਿੰਘ ਨੇ ਕਾਰੋਬਾਰ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ। ਹੁਣ ਹਰਮੀਕ ਸਿੰਘ ਨੇ ਆਪਣੀ ਧੀ ਨੌਨਿਧ ਚੁੱਘ ਨਾਲ ਸੰਗੀਤ ਜਗਤ ਵਿਚ “ਡੈਡ ਐਂਡ ਡਾਟਰ” ਦੇ ਬੈਨਰ ਹੇਠ ਮਾਈਕਲ ਜੈਕਸਨ ਦੇ ਕਵਰ ਗੀਤ “ਹੀਲ ਦਿ ਵਰਲਡ” ਨੂੰ ਇਕੱਠਿਆਂ ਆਵਾਜ਼ ਦੇ ਕੇ ਰਿਕਾਰਡ ਕੀਤਾ ਹੈ। ਪੂਰੇ ਸੰਸਾਰ ਨੂੰ ਸ਼ਾਂਤੀ ਦਾ ਸੰਦੇਸ਼ ਦੇਣ ਵਾਲਾ ਇਹ ਗੀਤ ਅੱਜ 21 ਮਾਰਚ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮੀਂ 7.30 ਵਜੇ ਪਲੈਨ ਬੀ ਦੇ ਦੁਬਈ ਆਫਿਸ ਵਿਚ ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ।
ਗੀਤ 'ਤੇ ਕਿਸਾਨ ਅੰਦੋਲਨ ਦਾ ਪ੍ਰਭਾਵ
ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਪ੍ਰਸਿੱਧ ਮੰਚ ਸੰਚਾਲਕ ਅਤੇ ਦੂਰਦਰਸ਼ਨ ਦੇ ਸੀਨੀਅਰ ਕਲਾਕਾਰ ਨਰੇਸ਼ ਰੁਪਾਣਾ ਨੇ ਦੱਸਿਆ ਹੈ ਕਿ ਇਸ ਗੀਤ ਦਾ ਬਿਰਤਾਂਤ ਭਾਰਤੀ ਕਿਸਾਨਾਂ ਦੀ ਹੋ ਰਹੀ ਦੁਰਦਸ਼ਾ ਵਿੱਚੋਂ ਉਪਜਿਆ ਹੈ। ਅਸਲ ਵਿਚ ਪੰਜਾਬੀ ਕਿਸਾਨਾਂ ਨਾਲ ਦਿੱਲੀ ਵਿਚ ਜੋ ਰਿਹਾ ਹੈ, ਉਸ ਨੂੰ ਲੈ ਕੇ ਹਰਮੀਕ ਸਿੰਘ ਦੀ ਬੇਟੀ (ਜੋ ਕਿ ਲੰਡਨ ਦੇ ਇਕ ਪ੍ਰਸਿੱਧ ਕਾਲਜ ਦੀ ਵਿਦਿਆਰਥਣ ਹੈ ਅਤੇ ਵਧੀਆ ਗਾਇਕਾ ਵੀ ਹੈ) ਦੇ ਦਿਲ ਦਿਮਾਗ 'ਤੇ ਡੂੰਘਾ ਅਸਰ ਪਿਆ। ਉਹ ਇੰਨੀ ਉਦਾਸ ਹੋ ਗਈ ਕਿ ਉਸ ਨੇ ਗਾਉਣਾ ਹੀ ਛੱਡ ਦਿੱਤਾ। ਹਰਮੀਕ ਸਿੰਘ ਨੇ ਆਪਣੀ ਧੀ ਨੂੰ ਇਸ ਉਦਾਸੀ ਦੇ ਮਾਹੌਲ ਵਿਚੋਂ ਬਾਹਰ ਕੱਢਣ ਲਈ ਇਹ ਕਦਮ ਚੁੱਕਿਆ ਅਤੇ ਪੂਰੇ ਵਿਸ਼ਵ ਨੂੰ ਪਿਆਰ ਅਤੇ ਸਤਿਕਾਰ ਨਾਲ ਰਹਿਣ ਦਾ ਸੰਦੇਸ਼ ਦੇਣ ਵਾਲਾ ਇਹ ਗੀਤ ਆਪਣੀ ਅਤੇ ਆਪਣੀ ਬੇਟੀ ਦੀ ਆਵਾਜ਼ ਵਿਚ ਰਿਕਾਰਡ ਕਰਵਾਇਆ, ਜਿਸ ਨੂੰ ਅੱਜ ਦੁਨੀਆ ਭਰ ਵਿਚ ਰਿਲੀਜ਼ ਕੀਤਾ ਜਾਵੇਗਾ।