ਦੁਬਈ ''ਚ ਰਹਿਣ ਵਾਲੇ ਅਤੇ ਸੈਲਾਨੀ ਜ਼ਰਾ ਸਾਵਧਾਨ ਹੋ ਕੇ ਘੁੰਮਣ, ਕਿਉਂਕਿ...
Saturday, Sep 29, 2018 - 05:17 PM (IST)

ਦੁਬਈ (ਵਾਰਤਾ)— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਮੁੱਖ ਸ਼ਹਿਰ ਦੁਬਈ ਵਿਚ ਜੇਕਰ ਤੁਸੀਂ ਘੁੰਮਣ ਗਏ ਹੋ ਜਾਂ ਫਿਰ ਉੱਥੇ ਰਹਿ ਰਹੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ, ਕਿਉਂਕਿ ਜੇਕਰ ਤੁਹਾਡਾ ਪਹਿਰਾਵਾ ਦੇਸ਼ ਦੇ ਤੈਅ ਮਾਪਦੰਡਾਂ ਅਨੁਸਾਰ ਨਹੀਂ ਹੋਵੇਗਾ ਤਾਂ ਤੁਹਾਨੂੰ 3 ਸਾਲ ਦੀ ਜੇਲ ਹੋ ਸਕਦੀ ਹੈ। ਬਸ ਇੰਨਾ ਹੀ ਨਹੀਂ ਦੇਸ਼ ਨਿਕਾਲੇ ਦੀ ਨੌਬਤ ਵੀ ਆ ਸਕਦੀ ਹੈ। ਦੁਬਈ ਦੀ ਇਕ ਔਰਤ ਵਲੋਂ ਇਸ ਸਬੰਧ ਵਿਚ ਟਵਿੱਟਰ 'ਤੇ ਇਕ ਵੀਡੀਓ ਪੋਸਟ ਕਰਨ ਤੋਂ ਬਾਅਦ ਯੂ. ਏ. ਈ. ਸਰਕਾਰ ਨੇ ਦੇਸ਼ ਦੀ ਮਰਿਆਦਾ ਦਾ ਪਾਲਣ ਕਰਨ ਲਈ ਕਿਹਾ। ਅਜਿਹਾ ਨਾ ਕਰਨ 'ਤੇ ਸਜ਼ਾ ਦੀ ਗੱਲ ਆਖੀ ਗਈ ਹੈ।
ਦਰਅਸਲ ਔਰਤ ਨੇ ਇਕ ਵੀਡੀਓ ਟਵਿੱਟਰ 'ਤੇ ਪੋਸਟ ਕੀਤੀ, ਜੋ ਉਹ ਕਾਫੀ ਵਾਇਰਲ ਹੋ ਗਈ ਹੈ। ਔਰਤ ਨੇ ਵੀਡੀਓ ਪੋਸਟ ਕਰ ਕੇ ਕਿਹਾ ਕਿ ਇਕ ਔਰਤ ਦਾ ਪਹਿਰਾਵਾ ਤੈਅ ਮਾਪਦੰਡਾਂ ਅਨੁਸਾਰ ਨਹੀਂ ਸੀ ਅਤੇ ਉਸ ਨੇ ਇਸ ਬਾਰੇ ਮਾਲ ਦੇ ਸੁੱਰਿਖਆ ਕਰਮਚਾਰੀਆਂ ਨੂੰ ਵੀ ਦੱਸਿਆ। ਉਨ੍ਹਾਂ ਨੇ ਉਸ ਨੂੰ ਸਰੀਰ ਢਕਣ ਲਈ 'ਅਬਾਯਾ' ਲੰਬਾ ਕੱਪੜਾ ਮੁਹੱਈਆ ਕਰਵਾਇਆ। ਇਕ ਰਿਪੋਰਟ ਮੁਤਾਬਕ ਦੇਸ਼ ਵਿਚ ਪਹਿਰਾਵੇ ਨੂੰ ਲੈ ਕੇ ਕੋਈ ਕਾਨੂੰਨ ਨਹੀਂ ਹੈ ਪਰ ਸੰਘੀ ਸਜ਼ਾ ਜ਼ਾਬਤਾ ਦੀ ਧਾਰਾ-358 ਅਧੀਨ ਵਿਵਸਥਾ ਹੈ ਕਿ ਔਰਤ ਜਾਂ ਪੁਰਸ਼ ਦਾ ਪਹਿਰਾਵਾ ਜੇਕਰ ਦੇਸ਼ ਦੀ ਮਰਿਆਦਾ ਨੂੰ ਭੰਗ ਕਰਦਾ ਹੈ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਦੇ ਤਹਿਤ ਉਨ੍ਹਾਂ ਨੂੰ 3 ਸਾਲ ਦੀ ਜੇਲ ਦੀ ਸਜ਼ਾ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਦੇਸ਼ 'ਚੋਂ ਬਾਹਰ ਵੀ ਕੀਤਾ ਜਾ ਸਕਦਾ ਹੈ।
ਇੱਥੇ ਰਹਿ ਰਹੇ ਲੋਕਾਂ ਅਤੇ ਸੈਲਾਨੀਆਂ ਦੀ ਇਹ ਜ਼ਿੰਮੇਵਾਰੀ ਬਣੀ ਹੈ ਕਿ ਉਹ ਜਨਤਕ ਥਾਵਾਂ 'ਤੇ ਅਜਿਹੇ ਕੱਪੜੇ ਪਹਿਨ ਕੇ ਨਾ ਜਾਣ, ਜਿਸ ਨਾਲ ਉਨ੍ਹਾਂ ਨੂੰ ਜੁਰਮਾਨਾ ਹੋ ਸਕੇ। ਔਰਤਾਂ ਜੇਕਰ ਸਕਰਟ ਜਾਂ ਸ਼ਾਟ ਪਹਿਨਦੀਆਂ ਹਨ ਤਾਂ ਉਹ ਇਹ ਯਕੀਨੀ ਕਰਨ ਕਿ ਉਹ ਗੋਡਿਆਂ ਤੋਂ ਹੇਠਾਂ ਹਨ ਅਤੇ ਇਹ ਨਿਯਮ ਪੁਰਸ਼ਾਂ 'ਤੇ ਵੀ ਬਰਾਬਰ ਰੂਪ ਨਾਲ ਲਾਗੂ ਹੁੰਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪਹਿਰਾਵਾ ਅਜਿਹਾ ਨਹੀਂ ਹੋਣਾ ਚਾਹੀਦਾ, ਜਿਸ ਨੂੰ ਦੇਖਣ ਵਾਲਿਆਂ ਨੂੰ ਝਿਜਕ ਅਤੇ ਸ਼ਰਮ ਦਾ ਸਾਹਮਣਾ ਕਰਨਾ ਪਵੇ।