ਕੁਆਲੇ 'ਚ ਫੜੀ ਗਈ 3.6 ਅਰਬ ਸ਼ਿਲਿੰਗ ਦੀ ਨਸ਼ੀਲੇ ਪਦਾਰਥਾਂ ਦੀ ਖੇਪ

Tuesday, Nov 10, 2026 - 01:56 PM (IST)

ਕੁਆਲੇ 'ਚ ਫੜੀ ਗਈ 3.6 ਅਰਬ ਸ਼ਿਲਿੰਗ ਦੀ ਨਸ਼ੀਲੇ ਪਦਾਰਥਾਂ ਦੀ ਖੇਪ

ਇੰਟਰਨੈਸ਼ਨਲ ਡੈਸਕ: ਕੀਨੀਆ ਦੀਆਂ ਸੁਰੱਖਿਆ ਏਜੰਸੀਆਂ ਨੇ ਕੁਆਲੇ ਕਾਉਂਟੀ ਵਿੱਚ ਇੱਕ ਵੱਡੇ ਨਸ਼ਾ ਵਿਰੋਧੀ ਆਪ੍ਰੇਸ਼ਨ ਦੌਰਾਨ 3.6 ਅਰਬ ਕੀਨੀਆਈ ਸ਼ਿਲਿੰਗ ਦੀ ਕੀਮਤ ਦੀ 454 ਕਿਲੋਗ੍ਰਾਮ ਸ਼ੱਕੀ ਮੈਥਾਮਫੇਟਾਮਾਈਨ ਜ਼ਬਤ ਕੀਤੀ ਹੈ। ਡਾਇਰੈਕਟਰ ਆਫ਼ ਕ੍ਰਿਮੀਨਲ ਇਨਵੈਸਟੀਗੇਸ਼ਨ (DCI) ਮੁਹੰਮਦ ਅਮੀਨ ਨੇ ਖੁਲਾਸਾ ਕੀਤਾ ਹੈ ਕਿ ਸ਼ੁਰੂਆਤੀ ਜਾਂਚ ਅਨੁਸਾਰ ਇਸ ਨਸ਼ੀਲੇ ਪਦਾਰਥ ਦੀ ਖੇਪ ਪਾਕਿਸਤਾਨ ਤੋਂ ਭੇਜੀ ਗਈ ਸੀ ਅਤੇ ਇਹ ਪੂਰਬੀ ਤੇ ਦੱਖਣੀ ਅਫ਼ਰੀਕੀ ਦੇਸ਼ਾਂ ਵਿੱਚ ਸਪਲਾਈ ਕੀਤੀ ਜਾਣੀ ਸੀ।

ਮੋਮਬਾਸਾ ਸਥਿਤ ਕੋਸਟ ਰੀਜਨ ਪੁਲਸ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁਹੰਮਦ ਅਮੀਨ ਨੇ ਦੱਸਿਆ ਕਿ ਇਹ ਕਾਰਵਾਈ ਨੈਸ਼ਨਲ ਐਂਟੀ-ਨਾਰਕੋਟਿਕਸ ਇਨਵੈਸਟੀਗੇਸ਼ਨ ਬਿਊਰੋ (NANIB) ਦੀ ਅਗਵਾਈ ਹੇਠ ਮਲਟੀ-ਏਜੰਸੀ ਟੀਮ ਦੁਆਰਾ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਕੀਤੀ ਗਈ। ਕੀਨੀਆ ਅਤੇ ਤਨਜ਼ਾਨੀਆ ਦੋਵਾਂ ਦੇਸ਼ਾਂ ਵਿੱਚ ਲੋੜੀਂਦੇ ਮੁੱਖ ਸ਼ੱਕੀ ਡਰੱਗ ਬਾਰਨ ਬਾਸਲੇਮਾਨ ਸਾਲੇਹ ਖ਼ਮੀਸ ਅਤੇ 37 ਸਾਲਾ ਯੂਗਾਂਡਾ ਦੀ ਔਰਤ ਨਾਕਾਬੂਗੋ ਜ਼ੁਰਾਇਕਾ ਨੂੰ ਸ਼ਿਰਾਜ਼ੀ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ।ਇਸ ਤੋਂ ਬਾਅਦ ਕੀਤੀ ਗਈ ਛਾਪੇਮਾਰੀ ਦੌਰਾਨ ਕਿਨੋਂਡੋ ਦੇ ਗੰਜਾ ਲਾ ਸਿਮਬਾ ਪਿੰਡ ਤੋਂ ਤੀਜੇ ਸ਼ੱਕੀ, 54 ਸਾਲਾ ਤਨਜ਼ਾਨੀਆਈ ਨਾਗਰਿਕ ਹਮਾਦ ਸੈਫ਼ ਸਈਦ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-  ਆਸਟ੍ਰੇਲੀਆ 'ਚ ਬਣੇਗਾ AI ਸੁਰੱਖਿਆ ਰੈਗੂਲੇਟਰ, ਲਗਾਏਗਾ ਭਾਰੀ ਜੁਰਮਾਨੇ

ਪੁਲਸ ਨੇ ਮੌਕੇ ਤੋਂ ਦੋ ਚਿੱਟੇ ਰੰਗ ਦੀਆਂ ਫੋਰਡ ਗੱਡੀਆਂ ਅਤੇ ਇੱਕ ਲਾਲ ਰੰਗ ਦਾ TVS ਮੋਟਰਸਾਈਕਲ ਵੀ ਜ਼ਬਤ ਕੀਤਾ ਹੈ। DCI ਮੁਹੰਮਦ ਅਮੀਨ ਨੇ ਸਪੱਸ਼ਟ ਕੀਤਾ ਕਿ ਇਸ ਜ਼ਬਤੀ ਦਾ ਪਹਿਲਾਂ 'MV Mashaallah' ਜਹਾਜ਼ ਤੋਂ ਜ਼ਬਤ ਕੀਤੀ ਗਈ 1,036 ਕਿਲੋਗ੍ਰਾਮ ਮੈਥਾਮਫੇਟਾਮਾਈਨ (ਕੀਮਤ 8.2 ਅਰਬ ਸ਼ਿਲਿੰਗ) ਨਾਲ ਕੋਈ ਲਿੰਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਖੇਪ ਈਰਾਨ ਤੋਂ ਆਈ ਸੀ, ਜਦਕਿ ਇਹ ਨਵੀਂ ਖੇਪ ਪਾਕਿਸਤਾਨ ਤੋਂ ਆਈ ਜਾਪਦੀ ਹੈ। ਦੋਵਾਂ ਦੀ ਲੇਬਲਿੰਗ, ਪੈਕਿੰਗ ਅਤੇ ਤਸਕਰਾਂ ਦਾ ਨੈੱਟਵਰਕ ਬਿਲਕੁਲ ਵੱਖਰਾ ਹੈ।

ਅਮੀਨ ਨੇ ਕਿਹਾ ਕਿ ਸਰਕਾਰ ਨੇ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਸ਼ਰਾਬ ਵਿਰੁੱਧ ਜੰਗ ਨੂੰ ਰਾਸ਼ਟਰੀ ਸੁਰੱਖਿਆ ਪ੍ਰਾਥਮਿਕਤਾ ਐਲਾਨਿਆ ਹੈ। ਉਨ੍ਹਾਂ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ, "ਕੀਨੀਆ ਨਸ਼ਾ ਤਸਕਰਾਂ ਲਈ ਨਾ ਤਾਂ ਕੋਈ ਰਸਤਾ ਹੈ, ਨਾ ਬਾਜ਼ਾਰ ਹੈ ਅਤੇ ਨਾ ਹੀ ਸੁਰੱਖਿਅਤ ਅੱਡਾ ਬਣਨ ਦਿੱਤਾ ਜਾਵੇਗਾ"। ਜਨਵਰੀ ਤੋਂ ਅਕਤੂਬਰ ਦਰਮਿਆਨ NANIB ਨੇ 21,000 ਕਿਲੋਗ੍ਰਾਮ ਤੋਂ ਵੱਧ ਗਾਂਜਾ, ਕੋਕੀਨ, ਹੈਰੋਇਨ ਅਤੇ ਮੈਥਾਮਫੇਟਾਮਾਈਨ ਸਮੇਤ 779.7 ਮਿਲੀਅਨ ਸ਼ਿਲਿੰਗ ਦੀ ਕੀਮਤ ਦੇ ਨਸ਼ੇ ਜ਼ਬਤ ਕੀਤੇ ਹਨ ਅਤੇ 1,631 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਹੁਣ ਐਸੇਟ ਰਿਕਵਰੀ ਏਜੰਸੀ ਨਾਲ ਮਿਲ ਕੇ ਤਸਕਰਾਂ ਦੇ ਵਿੱਤੀ ਨੈੱਟਵਰਕ, ਜ਼ਮੀਨਾਂ ਅਤੇ ਵਾਹਨਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News