ਮਿਆਂਮਾਰ ਤੋਂ ਭੱਜ ਰਹੇ ਹਜ਼ਾਰਾਂ ਰੋਹਿੰਗਿਆਂ ''ਤੇ ਹੋਇਆ ਡ੍ਰੋਨ ਹਮਲਾ, ਔਰਤਾਂ ਤੇ ਬੱਚਿਆਂ ਸਣੇ ਦਰਜਨਾਂ ਲੋਕਾਂ ਦੀ ਮੌਤ

Sunday, Aug 11, 2024 - 02:01 AM (IST)

ਬੈਂਕਾਕ : ਮਿਆਂਮਾਰ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਦਰਜਨਾਂ ਰੋਹਿੰਗਿਆ ਡ੍ਰੋਨ ਹਮਲੇ ਵਿਚ ਮਾਰੇ ਗਏ। ਚਸ਼ਮਦੀਦਾਂ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਬੱਚਿਆਂ ਵਾਲੇ ਪਰਿਵਾਰ ਵੀ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਬਚੇ ਹੋਏ ਲੋਕਾਂ ਨੂੰ ਆਪਣੇ ਜ਼ਖਮੀ ਰਿਸ਼ਤੇਦਾਰਾਂ ਦੀ ਭਾਲ ਵਿਚ ਲਾਸ਼ਾਂ ਦੇ ਢੇਰਾਂ ਵਿਚ ਭਟਕਦੇ ਦੇਖਿਆ ਗਿਆ।

ਚਸ਼ਮਦੀਦਾਂ, ਕਾਰਕੁਨਾਂ ਅਤੇ ਇਕ ਡਿਪਲੋਮੈਟ ਮੁਤਾਬਕ, ਡ੍ਰੋਨ ਹਮਲੇ ਨੇ ਬੰਗਲਾਦੇਸ਼ ਵਿਚ ਦਾਖਲ ਹੋਣ ਦੀ ਉਡੀਕ ਕਰ ਰਹੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ। ਮਰਨ ਵਾਲਿਆਂ ਵਿਚ ਇਕ ਗਰਭਵਤੀ ਔਰਤ ਅਤੇ ਉਸ ਦੀ 2 ਸਾਲ ਦੀ ਬੱਚੀ ਵੀ ਸ਼ਾਮਲ ਹੈ। ਇਹ ਹਮਲਾ ਹਾਲ ਹੀ ਦੇ ਹਫ਼ਤਿਆਂ ਵਿਚ ਫੌਜਾਂ ਅਤੇ ਬਾਗ਼ੀਆਂ ਵਿਚਕਾਰ ਸੰਘਰਸ਼ ਦੌਰਾਨ ਰਖਾਇਨ ਰਾਜ ਵਿਚ ਨਾਗਰਿਕਾਂ 'ਤੇ ਸਭ ਤੋਂ ਘਾਤਕ ਹਮਲਾ ਹੈ। ਰਾਇਟਰਜ਼ ਨੇ ਤਿੰਨ ਗਵਾਹਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਅਰਾਕਾਨ ਆਰਮੀ ਇਸ ਲਈ ਜ਼ਿੰਮੇਵਾਰ ਹੈ। ਹਾਲਾਂਕਿ ਸਮੂਹ ਨੇ ਇਸ ਦਾਅਵੇ ਤੋਂ ਇਨਕਾਰ ਕੀਤਾ ਹੈ। ਮਿਲੀਸ਼ੀਆ ਅਤੇ ਮਿਆਂਮਾਰ ਦੀ ਫੌਜ ਨੇ ਇਕ-ਦੂਜੇ 'ਤੇ ਗੰਭੀਰ ਦੋਸ਼ ਲਗਾਏ ਹਨ।

ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ 'ਚ ਚਿੱਕੜ ਵਾਲੀ ਜ਼ਮੀਨ 'ਤੇ ਲਾਸ਼ਾਂ ਪਈਆਂ ਦਿਖਾਈ ਦੇ ਰਹੀਆਂ ਹਨ, ਜਿਸ ਦੇ ਨੇੜੇ ਸੂਟਕੇਸ ਅਤੇ ਬੈਕਪੈਕ ਖਿੱਲਰੇ ਹੋਏ ਹਨ। ਤਿੰਨ ਬਚੇ ਲੋਕਾਂ ਮੁਤਾਬਕ, 200 ਤੋਂ ਵੱਧ ਲੋਕ ਮਾਰੇ ਗਏ ਸਨ, ਜਦੋਂਕਿ ਘਟਨਾ ਤੋਂ ਬਾਅਦ ਇਕ ਗਵਾਹ ਨੇ ਘੱਟੋ-ਘੱਟ 70 ਲਾਸ਼ਾਂ ਦੇਖੇ ਜਾਣ ਦੀ ਜਾਣਕਾਰੀ ਦਿੱਤੀ।

ਰਾਇਟਰਜ਼ ਨੇ ਦੱਸਿਆ ਕਿ ਇਸ ਨੇ ਮਿਆਂਮਾਰ ਦੇ ਤੱਟਵਰਤੀ ਸ਼ਹਿਰ ਮੌਂਗਡਾਉ ਦੇ ਬਿਲਕੁਲ ਬਾਹਰ ਵੀਡੀਓ ਦੇ ਸਥਾਨ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਉਸ ਨੇ ਇਹ ਵੀ ਕਿਹਾ ਕਿ ਉਹ ਵੀਡੀਓ ਨੂੰ ਫਿਲਮਾਉਣ ਦੀ ਮਿਤੀ ਦੀ ਪੁਸ਼ਟੀ ਨਹੀਂ ਕਰ ਸਕਦਾ। ਬੋਧੀ ਬਹੁਗਿਣਤੀ ਵਾਲੇ ਮਿਆਂਮਾਰ ਵਿਚ ਰੋਹਿੰਗਿਆਂ ਲੰਬੇ ਸਮੇਂ ਤੋਂ ਅੱਤਿਆਚਾਰ ਦਾ ਸਾਹਮਣਾ ਕਰ ਰਹੇ ਹਨ। 2017 ਵਿਚ 7,30,000 ਤੋਂ ਵੱਧ ਲੋਕ ਫੌਜ ਦੀ ਅਗਵਾਈ ਵਾਲੇ ਕਰੈਕਡਾਊਨ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਏ, ਜਿਸ ਨੂੰ ਸੰਯੁਕਤ ਰਾਸ਼ਟਰ ਨੇ ਨਸਲਕੁਸ਼ੀ ਦੱਸਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News