ਨੇਪਾਲ ਦੇ ਇਸ ਪਿੰਡ ''ਤੇ ਡ੍ਰੈਗਨ 60 ਸਾਲ ਤੋਂ ਕਰ ਰਿਹੈ ਰਾਜ, ਸਰਕਾਰ ਨੇ ਨਹੀਂ ਚੁੱਕੀ ਆਵਾਜ਼

06/24/2020 12:47:51 AM

ਕਾਠਮੰਡੂ (ਏਜੰਸੀ)- ਨੇਪਾਲ ਦੇ ਗੋਰਖਾ ਜ਼ਿਲੇ ਦੇ ਇਕ ਪਿੰਡ 'ਚ 60 ਸਾਲ ਤੋਂ ਚੀਨ ਦਾ ਰਾਜ ਚੱਲ ਰਿਹਾ ਹੈ ਅਤੇ ਨੇਪਾਲ ਦੀ ਸਰਕਾਰ ਨੇ ਕਦੇ ਇਸ ਦਾ ਵਿਰੋਧ ਨਹੀਂ ਕੀਤਾ। ਚੀਨ ਰੂਈ ਗੁਵਾਨ ਨਾਂ ਦੇ ਇਸ ਪਿੰਡ ਨੂੰ ਤਿੱਬਤ ਖੁਦਮੁਖਤਿਆਰੀ ਖੇਤਰ (ਟੀ.ਏ.ਆਰ.) ਦਾ ਹਿੱਸਾ ਦੱਸਦਾ ਹੈ। ਨੇਪਾਲ ਦੇ ਪੇਪਰ ਅੰਨਪੂਰਣਾ ਪੋਸਟ 'ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ।
ਇਸ ਪਿੰਡ 'ਚ 72 ਪਰਿਵਾਰ ਹਨ। ਨੇਪਾਲ ਸਰਕਾਰ ਦੇ ਅਧਿਕਾਰਤ ਨਕਸ਼ੇ 'ਚ ਵੀ ਇਹ ਪਿੰਡ ਨੇਪਾਲ ਦੀ ਸਰਹੱਦ ਦੇ ਅੰਦਰ ਹੀ ਦਿਖਾਇਆ ਗਿਆ ਹੈ ਪਰ ਇਥੇ ਨੇਪਾਲ ਪ੍ਰਸ਼ਾਸਨ ਨਹੀਂ ਚੱਲਦਾ ਹੈ। ਇਲਾਕੇ ਨੂੰ ਚੀਨ ਨੇ ਆਪਣੇ ਅਧਿਕਾਰ ਵਿਚ ਲੈ ਲਿਆ ਹੈ।

ਰਿਪੋਰਟ ਮੁਤਾਬਕ ਚੀਨ ਨੇ ਨੇਪਾਲੀ ਸਰਹੱਦ 'ਚ ਸਥਿਤ ਇਸ ਪਿੰਡ 'ਚ ਆਪਣੇ ਪਿਲਰ ਵੀ ਲਗਾ ਦਿੱਤੇ ਹਨ ਤਾਂ ਜੋ ਇਸ ਕਬਜ਼ੇ ਨੂੰ ਜਾਇਜ਼ ਦੱਸਿਆ ਜਾ ਸਕੇ। ਗੋਰਖਾ ਜ਼ਿਲੇ ਦੇ ਰੈਵੇਨਿਊ ਦਫਤਰ 'ਚ ਵੀ ਪਿੰਡ ਵਾਲਿਆਂ ਤੋਂ ਰੈਵੇਨਿਊ ਵਸੂਲਣ ਦੇ ਦਸਤਾਵੇਜ਼ ਹਨ। ਰੈਵੇਨਿਊ ਅਧਿਕਾਰੀ ਠਾਕੁਰ ਖਾਨਲ ਨੇ ਦੱਸਿਆ ਕਿ ਪਿੰਡਾਂ ਤੋਂ ਰੈਵੇਨਿਊ ਵਸੂਲਣ ਦੇ ਦਸਤਾਵੇਜ਼ ਅਜੇ ਵੀ ਫਾਈਲ ਵਿਚ ਰਾਖਵੇਂ ਰੱਖੇ ਹਨ।

ਅੰਨਪੂਰਨਾ ਪੋਸਟ ਨੇ ਲਿਖਿਆ ਹੈ ਕਿ ਨੇਪਾਲ ਇਹ ਇਲਾਕਾ ਕਦੇ ਵੀ ਚੀਨ ਤੋਂ ਜੰਗ ਦੌਰਾਨ ਨਹੀਂ ਹਾਰਿਆ ਅਤੇ ਨਾ ਹੀ ਦੋਹਾਂ ਦੇਸ਼ਾਂ ਵਿਚਾਲੇ ਅਜਿਹਾ ਕੋਈ ਵਿਸ਼ੇਸ਼ ਸਮਝੌਤਾ ਹੋਇਆ ਸੀ। ਇਹ ਸਿਰਫ ਸਰਕਾਰੀ ਲਾਪਰਵਾਹੀ ਦਾ ਨਤੀਜਾ ਹੈ। ਦੋਹਾਂ ਦੇਸ਼ਾਂ ਨੇ ਸਰਹੱਦਾਂ ਤੈਅ ਕਰਨ ਅਤੇ ਪਿਲਰ ਲਗਾਉਣ ਲਈ 1960 ਵਿਚ ਸਰਵੇਅਰ ਲਗਾਏ ਸਨ ਪਰ ਜਾਣ ਬੁੱਝ ਕੇ ਪਿਲਰ ਨੰਬਰ 35 ਨੂੰ ਅਜਿਹੀ ਥਾਂ ਲਗਾਇਆ ਗਿਆ, ਜਿਸ ਤੋਂ ਰੁਈ ਗੁਵਾਨ ਦਾ ਇਲਾਕਾ ਚੀਨ ਦੇ ਅਧਿਕਾਰ ਵਿਚ ਚਲਾ ਗਿਆ।

ਪਿੰਡ ਮਿਊਂਸਪਲਿਟੀ ਦੇ ਵਾਰਡ ਚੇਅਰਮੈਨ ਬਹਾਦੁਰ ਲਾਮਾ ਨੇ ਦੱਸਿਆ ਕਿ ਕਈ ਲੋਕ 1960 ਵਿਚ ਇਸ ਇਲਾਕੇ ਨੂੰ ਤਿੱਬਤ ਵਿਚ ਸ਼ਾਮਲ ਕੀਤੇ ਜਾਣ ਤੋਂ ਖੁਸ਼ ਨਹੀਂ ਸਨ ਉਹ ਰਾਤੋ ਰਾਤ ਸਾਮਡੋ ਚਲੇ ਗਏ ਅਤੇ ਉਥੋਂ 1000-1200 ਇਤਿਹਾਸਕ ਦਸਤਾਵੇਜ਼ ਲੈ ਕੇ ਆਏ। ਰੁਈ ਗੁਵਾਨ ਤੋਂ ਸਾਮਡੋ ਜਾਣ ਦਾ ਪੈਦਲ ਰਸਤਾ ਤਕਰੀਬਨ 6 ਘੰਟੇ ਦਾ ਹੈ। ਪਿਲਰ ਨੰਬਰ 35 ਤੋਂ ਬਾਅਦ ਤੋਂ ਹੀ ਚੀਨ ਰੁਈ ਗੁਵਾਨ 'ਤੇ ਆਪਣਾ ਅਧਿਕਾਰ ਜਤਾ ਰਿਹਾ ਹੈ। ਇਸ ਤੋਂ ਇਲਾਵਾ ਉਹ ਹੁਣ ਚੇਕਮਪਾਰ ਸਰਹੱਦ ਦੇ ਕਈ ਇਲਾਕਿਆਂ 'ਤੇ ਵੀ ਪਿਲਰ ਲਗਾ ਕੇ ਮਾਰਕਿੰਗ ਸ਼ੁਰੂ ਕਰ ਰਿਹਾ ਹੈ।


Sunny Mehra

Content Editor

Related News