ਡ੍ਰੈਗਨ ਦਾ ਨਵਾਂ ਮਿਸ਼ਨ, ਆਸਟ੍ਰੇਲੀਆਈ ਸਮੁੰਦਰ ''ਤੇ ਚੀਨੀ ਜਾਸੂਸੀ ਜਹਾਜ਼ ਦੀ ਨਜ਼ਰ
Monday, Jul 19, 2021 - 11:15 AM (IST)
ਕੈਨਬਰਾ (ਏ.ਐੱਨ.ਆਈ.): ਅਮਰੀਕਾ ਤੋਂ ਲੈ ਕੇ ਆਸਟ੍ਰੇਲੀਆ ਤੱਕ ਅਤੇ ਜਾਪਾਨ ਤੋਂ ਲੈ ਕੇ ਅਫਰੀਕਾ ਦੇ ਸਮੁੰਦਰੀ ਇਲਾਕਿਆਂ ਤੱਕ ਡ੍ਰੈਗਨ ਦੀਆਂ ਗਤੀਵਿਧੀਆਂ ਨਾਲ ਕਈ ਦੇਸ਼ ਪਰੇਸ਼ਾਨ ਹਨ। ਹੁਣ ਆਸਟ੍ਰੇਲੀਆ ਚੀਨ ਦੀ ਇਕ ਸੰਭਾਵਿਤ ਹਰਕਤ ਨੂੰ ਲੈ ਕੇ ਸਾਵਧਾਨ ਹੋ ਗਿਆ ਹੈ। ਆਸਟ੍ਰੇਲੀਆਈ ਰੱਖਿਆ ਫੋਰਸਿਜ਼ (ਏ.ਡੀ.ਐਫ.) ਨੇ ਇੱਕ ਹੋਰ ਚੀਨੀ ਜਾਸੂਸੀ ਸਮੁੰਦਰੀ ਜਹਾਜ਼ ਨੂੰ ਯੂਐਸ-ਆਸਟ੍ਰੇਲੀਆਈ ਤਾਲਿਸਮੈਨ ਸਾਬਰ 2021 ਅਭਿਆਸਾਂ ਤੋਂ ਪਹਿਲਾਂ ਆਸਟ੍ਰੇਲੀਆ ਦੇ ਤੱਟ 'ਤੇ ਪਹੁੰਚਿਆ ਦੇਖਿਆ।
ਆਸਟ੍ਰੇਲੀਆ ਦੇ ਰੱਖਿਆ ਮੰਤਰੀ ਪੀਟਰ ਡੱਟਨ ਨੇ ਕਿਹਾ ਕਿ ਏ.ਡੀ.ਐਫ. ਅਭਿਆਸਾਂ ਤੋਂ ਪਹਿਲਾਂ ਚੀਨੀ ਜਹਾਜ਼ ਦੀ ਪਹੁੰਚ 'ਤੇ ਨਜ਼ਰ ਰੱਖ ਰਿਹਾ ਹੈ।ਇਸ ਲਈ ਉਸ ਨੇ ਆਪਣੇ ਸਮੁੰਦਰੀ ਇਲਾਕੇ ਦੀ ਸਖ਼ਤ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਆਸਟ੍ਰੇਲੀਆ ਨੂੰ ਪੂਰਾ ਵਿਸ਼ਵਾਸ ਹੈ ਕਿ ਇਕ ਚੀਨੀ ਜਾਸੂਸੀ ਜਹਾਜ਼ ਜ਼ਰੂਰ ਉਸ ਦੇ ਕੁਈਨਜ਼ਲੈਂਡ ਇਲਾਕੇ ਵੱਲ ਆਉਣ ਵਾਲਾ ਹੈ ਇਸ ਲਈ ਉਸ ਨੇ ਉਸ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਅਸਲ ਵਿਚ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਦੇ ਤੱਟ 'ਤੇ ਅਮਰੀਕਾ ਨਾਲ ਉਸ ਦਾ ਇਕ ਸਾਂਝਾ ਯੁੱਧ ਅਭਿਆਸ ਚੱਲ ਰਿਹਾ ਹੈ ਅਤੇ ਵੌਇਸ ਆਫ ਅਮਰੀਕਾ ਮੁਤਾਬਕ ਸਹਾਇਕ ਆਮ ਬੁੱਧੀ (auxiliary general intelligence) ਚਾਈਨੀਜ਼ ਸ਼ਿਪ ਟੈਲਿਸਮੈਨ ਸਬ੍ਰੇ 2021 ਯੁੱਧ ਅਭਿਆਸ ਦੀ ਨਿਗਰਾਨੀ ਲਈ ਪਹੁੰਚ ਸਕਦਾ ਹੈ, ਜੋ ਕਿ ਬੁੱਧਵਾਰ ਤੋਂ ਅਧਿਕਾਰਤ ਤੌਰ 'ਤੇ ਸ਼ੁਰੂ ਹੋਇਆ ਹੈ।
ਪੜ੍ਹੋ ਇਹ ਅਹਿਮ ਖਬਰ - ਰਾਹਤ ਦੀ ਖ਼ਬਰ, ਆਸਟ੍ਰੇਲੀਆ 'ਚ ਕੋਰੋਨਾ ਇਨਫੈਕਸ਼ਨ ਮਾਮਲਿਆਂ 'ਚ ਗਿਰਾਵਟ
ਆਸਟ੍ਰੇਲੀਆਈ ਸਮੁੰਦਰ 'ਤੇ ਚੀਨ ਦੇ ਜਾਸੂਸੀ ਜਹਾਜ਼ ਦੀ ਨਜ਼ਰ!
ਆਸਟ੍ਰੇਲੀਆ ਨੇ ਕਿਹਾ ਕਿ ਅਮਰੀਕਾ ਨਾਲ ਯੁੱਧ ਅਭਿਆਸ ਦੌਰਾਨ ਇਸ (auxiliary general intelligence) ਕਲਾਸ ਦੇ ਇਕ ਜਹਾਜ਼ ਦੇ ਸਾਡੇ ਇਲਾਕੇ ਵਿਚ ਆਉਣ ਦੀ ਪੂਰੀ ਸੰਭਾਵਨਾ ਹੈ। ਇਹ ਯੁੱਧ ਅਭਿਆਸ ਦੋਹਾਂ ਦੇਸ਼ਾਂ ਦੇ ਗਠਜੋੜ ਨੂੰ ਮਜ਼ਬੂਤ ਕਰਨ ਅਤੇ ਸੈਨਿਕਾਂ ਨੂੰ ਯੁੱਧ ਲਈ ਤਿਆਰ ਰੱਖਣ ਦੇ ਇਰਾਦੇ ਨਾਲ ਕੀਤਾ ਜਾ ਰਿਹਾ ਹੈ। ਇਸ ਯੁੱਧ ਅਭਿਆਸ ਵਿਚ ਜ਼ਮੀਨੀ ਯੁੱਧ, ਸ਼ਹਿਰੀ ਆਪਰੇਸ਼ਨ, ਹਵਾਈ ਜੰਗ ਅਤੇ ਸਮੁੰਦਰੀ ਆਪਰੇਸ਼ਨ ਦਾ ਅਭਿਆਸ ਕੀਤਾ ਜਾਵੇਗਾ। ਵੀ.ਓ.ਆਈ. ਮੁਤਾਬਕ ਦੋਹਾਂ ਦੇਸ਼ਾਂ ਵਿਚਾਲੇ ਇਹ ਸਭ ਤੋਂ ਵੱਡੀ ਸਿਖਲਾਈ ਮੁਹਿੰਮ ਹੈ। ਇਸ ਲਈ ਉਹਨਾਂ ਦੀਆਂ ਏਜੰਸੀਆਂ ਨੂੰ ਲੱਗ ਰਿਹਾ ਹੈ ਕਿ ਆਉਣ ਵਾਲੇ ਦੋ ਹਫ਼ਤਿਆਂ ਤੱਕ ਚਾਈਨੀਜ਼ ਇਲੈਕਟ੍ਰਾਨਿਕ ਜਹਾਜ਼ ਇਸ ਯੁੱਧ ਅਭਿਆਸ ਨੂੰ ਦੇਖਣ ਦੀ ਕੋਸ਼ਿਸ਼ ਜ਼ਰੂਰ ਕਰੇਗਾ।
ਇਹਨਾਂ ਦੀ ਚਿੰਤਾ ਜਾਇਜ਼ ਹੈ ਕਿਉਂਕਿ 2019 ਵਿਚ ਵੀ ਇਸੇ ਤਰ੍ਹਾਂ ਦਾ ਇਕ ਚਾਈਨੀਜ਼ ਜਹਾਜ਼ ਆਸਟ੍ਰੇਲੀਆ ਦੀ ਮਿਲਟਰੀ ਮੁਹਿੰਮ ਦੀ ਨਿਗਰਾਨੀ ਕਰਨ ਲਈ ਆਇਆ ਸੀ। ਮਾਹਰਾਂ ਮੁਤਾਬਕ ਇਸ ਤਰ੍ਹਾਂ ਦਾ ਸਰਵੀਲਾਂਸ ਹੁਣ ਕਾਫੀ ਹੋਣ ਲੱਗਾ ਹੈ। ਖਾਸ ਕਰ ਕੇ ਏਸ਼ੀਆ-ਪ੍ਰਸ਼ਾਂਤ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਇਸ ਤਰ੍ਹਾਂ ਦੀ ਮਿਲਟਰੀ ਜਾਸੂਸੀ ਕਾਫੀ ਵੱਧ ਗਈ ਹੈ ਕਿਉਂਕਿ ਇਹਨਾਂ ਇਲਾਕਿਆਂ ਵਿਚ ਰਣਨੀਤਕ ਦੁਸ਼ਮਣੀ ਵੱਧਦੀ ਜਾ ਰਹੀ ਹੈ।ਆਸਟ੍ਰੇਲੀਆਈ ਅਧਿਕਾਰੀਆਂ ਮੁਤਾਬਕ ਚੀਨ ਦਾ ਜਹਾਜ਼ ਉਸ ਦੇ ਸਮੁੰਦਰ ਤੋਂ ਬਾਹਰ ਰਹਿ ਕੇ ਵੀ ਯੁੱਧ ਅਭਿਆਸ ਨੂੰ ਦੇਖਣ ਦੀ ਕੋਸ਼ਿਸ਼ ਕਰ ਸਕਦਾ ਹੈ। ਗੌਰਤਲਬ ਹੈ ਕਿ ਚੀਨ ਵੱਲੋਂ ਇਸ ਤਰ੍ਹਾਂ ਦੀ ਹਰਕਤ ਦਾ ਖਦਸ਼ਾ ਅਜਿਹੇ ਸਮੇਂ ਵਿਚ ਕੀਤਾ ਜਾ ਰਿਹਾ ਹੈ ਜਦੋਂ ਦੋਹਾਂ ਦੇਸ਼ਾਂ ਵਿਚਕਾਰ ਆਪਸੀ ਸੰਬੰਧ ਬਹੁਤ ਖਰਾਬ ਹੋ ਚੁੱਕੇ ਹਨ। ਦੋਹਾਂ ਦੇਸ਼ਾਂ ਵਿਚਕਾਰ ਕਈ ਤਰ੍ਹਾਂ ਦੇ ਵਪਾਰਕ ਅਤੇ ਭੂਗੋਲਿਕ-ਡਿਪਲੋਮੈਟਿਕ ਵਿਵਾਦ ਚੱਲ ਰਹੇ ਹਨ।
ਨੋਟ- ਆਸਟ੍ਰੇਲੀਆ ਅਤੇ ਚੀਨ ਵਿਚਕਾਰ ਵੱਧ ਰਹੇ ਤਣਾਅ 'ਤੇ ਕੁਮੈਂਟ ਕਰ ਦਿਓ ਰਾਏ।