ਨਵੀਂ ਪਾਰਟੀ ਦੇ ਗਠਨ ਦੀ ਤਿਆਰੀ ਕਰ ਰਹੇ ਹਨ ਡੋਨਾਲਡ ਟਰੰਪ
Wednesday, Jan 20, 2021 - 05:14 PM (IST)

ਵਾਸ਼ਿੰਗਟਨ- ਅਮਰੀਕਾ ਵਿਚ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਤਾਜਪੋਸ਼ੀ ਦੀਆਂ ਵਧਾਈਆਂ ਦੇਣ ਦੇ ਬਾਅਦ ਟਰੰਪ ਨਵੀਂ ਪਾਰਟੀ ਦਾ ਗਠਨ ਕਰਨ ਦੀ ਤਿਆਰੀ ਵਿਚ ਹਨ। ਸੂਤਰਾਂ ਮੁਤਾਬਕ ਟਰੰਪ ਆਪਣੇ ਸਾਥੀਆਂ ਨਾਲ ਨਵੇਂ ਰਾਜਨੀਤਕ ਦਲ ਦੇ ਗਠਨ ਨੂੰ ਲੈ ਕੇ ਚਰਚਾ ਕਰ ਰਹੇ ਹਨ। 'ਦਿ ਵਾਲ ਸਟ੍ਰੀਟ' ਜਨਰਲ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਰਿਪੋਰਟ ਦਿੱਤੀ ਗਈ ਹੈ।
ਰਿਪੋਰਟ ਮੁਤਾਬਕ ਟਰੰਪ ਵ੍ਹਾਈਟ ਹਾਊਸ ਵਿਚ ਆਪਣਾ ਦਖ਼ਲ ਜਾਰੀ ਰੱਖਣ ਲਈ ਨਵੀਂ ਪਾਰਟੀ ਬਣਾਉਣ ਦੀ ਯੋਜਨਾ ਬਣਾ ਰਹੇ ਹਨ ਅਤੇ ਇਸ ਦੇ ਲਈ ਆਪਣੇ ਸਾਥੀਆਂ ਸਣੇ ਹੋਰ ਕਰੀਬੀ ਲੋਕਾਂ ਨਾਲ ਚਰਚਾ ਕਰ ਰਹੇ ਹਨ।
ਸੂਤਰਾਂ ਮੁਤਾਬਕ ਟਰੰਪ ਆਪਣੀ ਇਸ ਪਾਰਟੀ ਦਾ ਨਾਂ ਪੈਟ੍ਰੋਓਟ ਪਾਰਟੀ ਰੱਖਣਾ ਚਾਹੁੰਦੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟਰੰਪ ਦੇ ਕਈ ਸਮਰਥਕ ਉਨ੍ਹਾਂ ਦੀ 2016 ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਹੀ ਰੀਪਬਲਿਕਨ ਪਾਰਟੀ ਵਿਚ ਸ਼ਾਮਲ ਹੋਏ ਸਨ। ਇਸ ਲਈ ਕਿਹਾ ਜਾ ਰਿਹਾ ਹੈ ਕਿ ਇਹ ਲੋਕ ਟਰੰਪ ਦੇ ਨਾਲ ਹੀ ਰੀਪਬਲਿਕਨ ਪਾਰਟੀ ਛੱਡ ਦੇਣ।
ਟਰੰਪ ਨੇ ਆਪਣੇ ਵਿਦਾਈ ਭਾਸ਼ਣ ਵਿਚ ਕਿਹਾ ਕਿ ਅਸੀਂ ਅਮਰੀਕਾ ਦੀ ਤਾਕਤ ਨੂੰ ਘਰ ਵਿਚ ਕਾਇਮ ਕੀਤਾ ਅਤੇ ਬਾਹਰ ਵੀ ਅਮਰੀਕੀ ਅਗਵਾਈ ਨੂੰ ਨਵੀਂਆਂ ਚੁਣੌਤੀਆਂ ਤੱਕ ਲੈ ਗਏ। ਅਸੀਂ ਦੁਨੀਆ ਨੂੰ ਚੀਨ ਖ਼ਿਲਾਫ਼ ਇਕੱਠੇ ਕੀਤਾ ਹੈ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਸੁਰੱਖਿਅਤ ਰੱਖਣ ਲਈ ਉਹ ਬਾਈਡੇਨ ਦੀ ਸਫ਼ਲਤਾ ਦੀ ਕਾਮਨਾ ਕਰਦੇ ਹਨ। ਅਸੀਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ ਤੇ ਚਾਹੁੰਦੇ ਹਾਂ ਕਿ ਉਹ ਖ਼ੁਸ਼ਕਿਸਮਤ ਰਹਿਣ।
ਜ਼ਿਕਰਯੋਗ ਹੈ ਕਿ ਟਰੰਪ ਨੇ ਅਮਰੀਕੀ ਸੰਸਦ ਵਿਚ ਹੋਈ ਹਿੰਸਾ ਦੀ ਨਿੰਦਾ ਵੀ ਕੀਤੀ। ਵਿਦਾਈ ਭਾਸ਼ਣ ਵਿਚ ਟਰੰਪ ਨੇ 20 ਜਨਵਰੀ, 2017 ਤੋਂ 20 ਜਨਵਰੀ 2021 ਤੱਕ ਦੀਆਂ ਅਮਰੀਕੀ ਸਰਕਾਰ ਦੀਆਂ ਅਹਿਮ ਉਪਲੱਬਧੀਆਂ ਦਾ ਜ਼ਿਕਰ ਕੀਤਾ।