ਡੋਨਾਲਡ ਟਰੰਪ ਦੀ ਧੀ ਨੇ ਵ੍ਹਾਈਟ ਹਾਊਸ ''ਚ ਕੀਤੀ ਕੁੜਮਾਈ, ਸ਼ੇਅਰ ਕੀਤੀ ਤਸਵੀਰ

1/21/2021 4:35:27 PM

ਵਾਸ਼ਿੰਗਟਨ (ਬਿਊਰੋ): ਡੋਨਾਲਡ ਟਰੰਪ ਦੀ ਛੋਟੀ ਬੇਟੀ ਟਿਫਨੀ ਟਰੰਪ ਨੇ ਆਪਣੀ ਕੁੜਮਾਈ ਦੀ ਘੋਸ਼ਣਾ ਕੀਤੀ ਹੈ। ਟਿਫਨੀ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿਚ ਆਪਣੇ ਪਿਤਾ ਦੇ ਰਾਸ਼ਟਰਪਤੀ ਦੇ ਤੌਰ 'ਤੇ ਆਖਰੀ ਦਿਨ ਮਾਇਕਲ ਬੁਲੋਸ ਨਾਲ ਕੁੜਮਾਈ ਕੀਤੀ। ਇਸ ਗੱਲ ਦੀ ਜਾਣਕਾਰੀ ਉਹਨਾਂ ਨੇ ਇੰਸਟਾਗ੍ਰਾਮ 'ਤੇ ਫੋਟੋ ਸ਼ੇਅਰ ਕਰਦਿਆਂ ਦਿੱਤੀ। ਮਾਇਕਲ ਬੁਲੋਸ ਨਾਲ ਫੋਟੋ ਸ਼ੇਅਰ ਕਰਦਿਆਂ ਟਿਫਨੀ ਟਰੰਪ ਨੇ ਲਿਖਿਆ ਕਿ ਵ੍ਹਾਈਟ ਹਾਊਸ ਵਿਚ ਇਤਿਹਾਸਿਕ ਮੌਕਿਆਂ ਦਾ ਜਸ਼ਨ ਮਨਾਉਣ ਅਤੇ ਆਪਣੇ ਪਰਿਵਾਰ ਨਾਲ ਇੱਥੇ ਰਹਿਣਾ ਇਕ ਸਨਮਾਨ ਹੈ ਪਰ ਮੇਰੇ ਮੰਗੇਤਰ ਮਾਇਕਲ  ਨਾਲ ਕੁੜਮਾਈ ਤੋਂ ਵੱਧ ਖਾਸ ਨਹੀਂ ਹੈ।

 

ਟਿਫਨੀ ਦੇ ਮੰਗੇਤਰ ਬੁਲੋਸ ਨੇ ਫੋਟੋ ਸ਼ੇਅਰ ਕਰਦਿਆਂ ਲਿਖਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਪਿਆਰ ਨਾਲ ਕੁੜਮਾਈ ਕੀਤੀ। ਹੁਣ ਅਸੀਂ ਇਕੱਠੇ ਮਿਲ ਕੇ ਅਗਲੇ ਅਧਿਆਏ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਾਂ। 27 ਸਾਲਾ ਟਿਫਨੀ ਟਰੰਪ ਡੋਨਾਲਡ ਟਰੰਪ ਅਤੇ ਉਹਨਾਂ ਦੀ ਦੂਜੀ ਪਤਨੀ ਮਾਰਲਾ ਮੇਪਲਸ ਦੀ ਇਕਲੌਤੀ ਔਲਾਦ ਹੈ। ਉਹਨਾਂ ਨੇ ਜੌਰਜ ਟਾਊਨ ਯੂਨੀਵਰਸਿਟੀ ਦੇ ਲਾਅ ਸਕੂਲ ਤੋਂ ਗ੍ਰੈਜੁਏਸ਼ਨ ਕੀਤੀ ਹੈ। ਟਿਫਨੀ ਦੇ ਮੰਗੇਤਰ ਮਾਇਕਲ ਬੁਲੋਸ ਦੀ ਉਮਰ 23 ਸਾਲ ਹੈ ਅਤੇ ਉਹ ਨਾਈਜੀਰੀਆਈ ਉਦਯੋਗਪਤੀ ਦੇ ਬੇਟੇ ਹਨ। 

ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਨੂੰ EU ਨੇ ਆਗਾਮੀ ਸੈਸ਼ਨ 'ਚ ਬੋਲਣ ਲਈ ਭੇਜਿਆ ਸੱਦਾ

ਨਾਈਜੀਰੀਆ ਦੇ ਲਾਗੋਸ ਤੋਂ ਸ਼ੁਰੂਆਤੀ ਪੜ੍ਹਾਈ ਕਰਨ ਮਗਰੋਂ ਉਹਨਾਂ ਨੇ ਆਪਣੀ ਗ੍ਰੈਜੁਏਸ਼ਨ ਲੰਡਨ ਤੋਂ ਕੀਤੀ। ਲੰਡਨ ਵਿਚ ਹੀ ਮਾਇਕਲ ਅਤੇ ਟਿਫਨੀ ਦੀ ਪਹਿਲੀ ਮੁਲਾਕਾਤ ਹੋਈ ਸੀ। ਗੌਰਤਲਬ ਹੈ ਕਿ ਟਰੰਪ ਦੇ 5 ਬੱਚੇ ਹਨ। ਟਰੰਪ ਦੀ ਮੌਜੂਦਾ ਪਤਨੀ ਮੇਲਾਨੀਆ ਟਰੰਪ ਤੋਂ 14 ਸਾਲ ਦਾ ਬੇਟਾ ਬੈਰਨ ਹੈ ਜਦਕਿ ਸਾਬਕਾ ਪਤਨੀ ਇਵਾਨਾ ਟਰੰਪ ਤੋਂ ਡੋਨਾਲਡ ਟਰੰਪ ਜੂਨੀਅਰ (43), ਇਵਾਂਕਾ (39) ਅਤੇ ਐਰਿਕ (37) ਤਿੰਨ ਬੱਚੇ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor Vandana