ਭਾਰਤੀ ਮੂਲ ਦੇ ਇਨ੍ਹਾਂ ਨੌਜਵਾਨਾਂ ਲਈ ਅਮਰੀਕਾ 'ਚ ਰਹਿਣਾ ਬਣਿਆ ਚੁਣੌਤੀ, ਦੇਸ਼ ਨਿਕਾਲੇ ਦਾ ਖ਼ਦਸ਼ਾ

Friday, May 26, 2023 - 06:23 PM (IST)

ਭਾਰਤੀ ਮੂਲ ਦੇ ਇਨ੍ਹਾਂ ਨੌਜਵਾਨਾਂ ਲਈ ਅਮਰੀਕਾ 'ਚ ਰਹਿਣਾ ਬਣਿਆ ਚੁਣੌਤੀ, ਦੇਸ਼ ਨਿਕਾਲੇ ਦਾ ਖ਼ਦਸ਼ਾ

ਵਾਸ਼ਿੰਗਟਨ (ਭਾਸ਼ਾ): ਭਾਰਤੀ-ਅਮਰੀਕੀਆਂ ਸਮੇਤ ਵੱਡੀ ਗਿਣਤੀ ਵਿਚ ਡੌਕਿਊਮੈਂਟਿਡ ਡ੍ਰੀਮਰਜ਼ ਮਤਲਬ ‘ਦਸਤਾਵੇਜ਼ੀ ਡ੍ਰੀਮਰਜ਼’ ਹੁਣ ਆਪਣੇ ਭਵਿੱਖ ਬਾਰੇ ਅਨਿਸ਼ਚਿਤਤਾ ਨੂੰ ਖ਼ਤਮ ਕਰਨਾ ਚਾਹੁੰਦੇ ਹਨ। 'ਦਸਤਾਵੇਜ਼ੀ ਡ੍ਰੀਮਰਜ਼' ਲੰਬੇ ਸਮੇਂ ਦੇ ਉਹ ਵੀਜ਼ਾ ਧਾਰਕ ਹਨ ਜੋ ਆਪਣੇ ਮਾਪਿਆਂ ਨਾਲ ਅਮਰੀਕਾ ਆਏ, ਕਾਨੂੰਨੀ ਤੌਰ 'ਤੇ ਉੱਥੇ ਰਹਿ ਕੇ ਵੱਡੇ ਹੋਏ, ਪਰ 21 ਸਾਲ ਦੇ ਹੋਣ 'ਤੇ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹਨਾਂ ਦਸਤਾਵੇਜ਼ੀ ਡ੍ਰੀਮਰਜ਼' ਵਿਚ ਜ਼ਿਆਦਾਤਰ ਭਾਰਤੀ ਮੂਲ ਦੇ ਬੱਚੇ ਹਨ। 

ਚਿਲਡਰਨ ਐਕਟ ਪਾਸ ਕਰਨ ਦੀ ਮੰਗ

ਇਹ ਲੋਕ ਅਮਰੀਕੀ ਸੰਸਦ ਤੋਂ 'ਚਿਲਡਰਨ ਐਕਟ' ਨੂੰ ਜਲਦੀ ਪਾਸ ਕਰਨ ਦੀ ਮੰਗ ਕਰ ਰਹੇ ਹਨ। ਦੱਸ ਦਈਏ ਕਿ ਚਿਲਡਰਨ ਐਕਟ 2021 ਤੋਂ ਅਮਰੀਕੀ ਸੰਸਦ 'ਚ ਪੈਂਡਿੰਗ ਹੈ, ਜੇਕਰ ਇਹ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਮੌਜੂਦਾ ਨਿਯਮ ਤਹਿਤ ਇਨ੍ਹਾਂ 2,50,000 ਨੌਜਵਾਨਾਂ ਨੂੰ ਅਮਰੀਕਾ ਨਹੀਂ ਛੱਡਣਾ ਪਵੇਗਾ ਅਤੇ ਉਹ ਅਮਰੀਕਾ ਵਿੱਚ ਰਹਿ ਕੇ ਨਾਗਰਿਕਤਾ ਲਈ ਅਪਲਾਈ ਕਰ ਸਕਣਗੇ। 'ਦਸਤਾਵੇਜ਼ੀ ਡ੍ਰੀਮਰਸ' ਦੇ ਇੱਕ ਸਮੂਹ ਨੇ ਯੂ.ਐੱਸ. ਕੈਪੀਟਲ ਦੇ ਕਈ ਸੰਸਦ ਮੈਂਬਰਾਂ ਤੱਕ ਪਹੁੰਚ ਕੀਤੀ ਹੈ, ਉਨ੍ਹਾਂ ਨੂੰ ਹਾਲ ਹੀ ਵਿੱਚ ਪੇਸ਼ ਕੀਤੇ ਗਏ 'ਅਮਰੀਕਾਜ਼ ਚਿਲਡਰਨ ਐਕਟ' ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਉਹ ਸੰਸਦ ਮੈਂਬਰਾਂ ਤੋਂ ਅਜਿਹੇ ਜ਼ਰੂਰੀ ਕਾਨੂੰਨ ਬਦਲਾਅ ਦੀ ਮੰਗ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਨਾਗਰਿਕਤਾ ਦਾ ਰਾਹ ਸਾਫ ਹੋ ਸਕੇ। 

'ਦਸਤਾਵੇਜ਼ੀ ਡ੍ਰੀਮਰਜ਼' ਦੀ ਤਰਫੋਂ ਲੜਨ ਵਾਲੀ ਸੰਸਥਾ 'ਇੰਪਰੂਵ ਦਿ ਡ੍ਰੀਮ' ਦੇ ਸੰਸਥਾਪਕ ਦੀਪ ਪਟੇਲ ਨੇ ਕਿਹਾ ਕਿ "ਇਸ ਉਮਰ-ਸੰਬੰਧੀ ਸਮੱਸਿਆ ਨੂੰ ਸਥਾਈ ਤੌਰ 'ਤੇ ਹੱਲ ਕਰਨ ਅਤੇ 'ਅਮਰੀਕਾਜ਼ ਚਿਲਡਰਨ ਐਕਟ' ਪਾਸ ਕਰਨ ਦਾ ਸਮਾਂ ਆ ਗਿਆ ਹੈ।" ਮੁਹਿਲ ਰਵੀਚੰਦਰਨ (24) ਜੋ ਕਿ ਦੋ ਸਾਲ ਦੀ ਉਮਰ ਵਿੱਚ ਅਮਰੀਕਾ ਆਈ ਸੀ, ਨੇ ਕਿਹਾ ਕਿ ਉਸਨੂੰ ਹੁਣ ਉਸ ਦੇਸ਼ ਤੋਂ ਬਾਹਰ ਜਾਣਾ ਪੈ ਰਿਹਾ ਹੈ ਜਿਸ ਨੂੰ ਉਸ ਨੇ ਲਗਭਗ ਦੋ ਦਹਾਕਿਆਂ ਤੋਂ ਘਰ ਬੁਲਾਇਆ ਹੈ। ਰਵੀਚੰਦਰਨ ਨੇ ਕਿਹਾ ਕਿ “ਇਸਦਾ ਮਤਲਬ ਹੈ ਕਿ ਮੈਨੂੰ ਆਪਣੇ ਪਰਿਵਾਰ ਨੂੰ ਛੱਡਣਾ ਪਏਗਾ, ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਗ੍ਰੀਨ ਕਾਰਡ ਮਿਲ ਚੁੱਕੇ ਹਨ। ਇਹ ਬਹੁਤ ਦੁਖਦਾਈ ਹੈ ਕਿ ਮੈਨੂੰ ਹਰ ਰੋਜ਼ ਇਸ ਡਰ ਦੇ ਸਾਏ ਵਿੱਚ ਗੁਜ਼ਾਰਨਾ ਪੈ ਰਿਹਾ ਹੈ ਕਿ ਮੇਰੀ ਉਮਰ ਵੱਧ ਹੋਣ ਕਰਕੇ ਮੈਨੂੰ ਆਪਣਾ ਘਰ ਛੱਡਣਾ ਪਏਗਾ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪਿਛਲੇ 17 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਇੱਕ ਨਰਸਿੰਗ ਗ੍ਰੈਜੂਏਟ ਨੂੰ ਚਾਰ ਸਾਲ ਪਹਿਲਾਂ ਦੇਸ਼ ਛੱਡਣਾ ਪਿਆ ਸੀ ਜਦੋਂ ਕੋਵਿਡ-19 ਮਹਾਮਾਰੀ ਦਾ ਪ੍ਰਕੋਪ ਆਪਣੇ ਸਿਖਰ 'ਤੇ ਸੀ ਅਤੇ ਦੇਸ਼ ਵਿੱਚ ਨਰਸਿੰਗ ਸਟਾਫ ਦੀ ਘਾਟ ਸੀ। ਪਟੇਲ ਨੇ ਕਿਹਾ ਕਿ “ਇਸ ਸਾਲ 10,000 ਤੋਂ ਵੱਧ ਲੋਕ ਇਸ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਕਰ ਰਹੇ ਹਨ। ਇਸ ਦਾ ਕੋਈ ਤਰਕ ਨਹੀਂ ਹੈ। ਸਾਡੇ ਲਈ, ਸਾਡਾ ਪਰਿਵਾਰ ਸਾਡਾ ਦੇਸ਼ ਹੈ ਅਤੇ ਇਸ ਲਈ ਸਾਨੂੰ ਅਮਰੀਕਾ ਦੇ ਚਿਲਡਰਨ ਐਕਟ ਦੀ ਲੋੜ ਹੈ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਯਾਤਰਾ ਪਾਕਿਸਤਾਨ ਲਈ ਸਕਾਰਾਤਮਕ ਅਤੇ ਲਾਭਕਾਰੀ ਸਾਬਤ ਹੋਈ : ਬਿਲਾਵਲ

ਜਾਣੋ ਚਿਲਡਰਨ ਐਕਟ ਬਾਰੇ

ਸਾਲ 2021 ਵਿੱਚ ਅਮਰੀਕੀ ਸੰਸਦ ਮੈਂਬਰ ਡੇਬੋਰਾ ਰੌਸ, ਮੈਰੀਨੇਟ ਮਿਲਰ, ਰਾਜਾ ਕ੍ਰਿਸ਼ਨਮੂਰਤੀ ਅਤੇ ਯੰਗ ਕਿਮ ਨੇ ਅਮਰੀਕੀ ਸੰਸਦ ਵਿੱਚ ਚਿਲਡਰਨ ਐਕਟ ਪੇਸ਼ ਕੀਤਾ ਸੀ। ਇਸ ਐਕਟ ਤਹਿਤ ਅਜਿਹੇ ਪ੍ਰਾਵਧਾਨ ਹਨ ਕਿ ਜਿਨ੍ਹਾਂ ਬੱਚਿਆਂ ਦੇ ਮਾਪੇ ਲੰਬੇ ਸਮੇਂ ਦੇ ਵੀਜ਼ੇ 'ਤੇ ਅਮਰੀਕਾ 'ਚ ਕੰਮ ਕਰ ਰਹੇ ਹਨ ਅਤੇ ਉਹ ਬੱਚੇ ਪਿਛਲੇ 10 ਸਾਲਾਂ ਤੋਂ ਅਮਰੀਕਾ 'ਚ ਕਾਨੂੰਨੀ ਤੌਰ 'ਤੇ ਰਹਿ ਰਹੇ ਹਨ। ਨਾਲ ਹੀ ਜੇਕਰ ਉਹ ਕਿਸੇ ਉੱਚ ਵਿਦਿਅਕ ਸੰਸਥਾ ਤੋਂ ਗ੍ਰੈਜੂਏਟ ਹਨ, ਤਾਂ ਉਹ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਦਾ ਹੱਕਦਾਰ ਹੋਣਗੇ। ਨਾਲ ਹੀ ਇਸ ਚਿਲਡਰਨ ਐਕਟ ਵਿਚ ਇਹ ਵਿਵਸਥਾ ਹੈ ਕਿ ਜਦੋਂ ਇਹ ਦਸਤਾਵੇਜ਼ੀ ਡ੍ਰੀਮਰਜ਼ ਅਮਰੀਕੀ ਨਾਗਰਿਕਤਾ ਲਈ ਅਰਜ਼ੀ ਦਿੰਦੇ ਹਨ, ਤਾਂ ਉਨ੍ਹਾਂ ਦੀ ਉਮਰ ਦੀ ਗਣਨਾ ਉਨ੍ਹਾਂ ਦੁਆਰਾ ਅਰਜ਼ੀ ਦੇਣ ਦੀ ਮਿਤੀ ਤੋਂ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਉਨ੍ਹਾਂ ਨੂੰ ਨਾਗਰਿਕਤਾ ਪ੍ਰਾਪਤ ਹੋਣ ਦੀ ਮਿਤੀ ਤੋਂ। ਇਸ ਤਰ੍ਹਾਂ ਜੇਕਰ ਇਹ ਨੌਜਵਾਨ 21 ਸਾਲ ਦੇ ਹੋਣ ਤੋਂ ਪਹਿਲਾਂ ਨਾਗਰਿਕਤਾ ਲਈ ਅਪਲਾਈ ਕਰਦੇ ਹਨ ਤਾਂ 21 ਸਾਲ ਦੇ ਹੋਣ 'ਤੇ ਉਨ੍ਹਾਂ ਨੂੰ ਡਿਪੋਰਟ ਕੀਤੇ ਜਾਣ ਦਾ ਖ਼ਤਰਾ ਨਹੀਂ ਹੋਵੇਗਾ। ਜਿਹੜੇ ਨੌਜਵਾਨਾਂ ਨੇ 16 ਸਾਲ ਦੀ ਉਮਰ ਪਾਰ ਕਰ ਲਈ ਹੈ ਅਤੇ ਗ੍ਰੀਨ ਕਾਰਡ ਲਈ ਅਰਜ਼ੀ ਦਿੱਤੀ ਹੈ, ਉਨ੍ਹਾਂ ਨੂੰ ਰੁਜ਼ਗਾਰ ਅਧਿਕਾਰ ਮਿਲਣਾ ਚਾਹੀਦਾ ਹੈ।

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News