ਵਿਦੇਸ਼ਾਂ 'ਚ ਵੀ ਹੋਣ ਲੱਗੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ
Wednesday, Jun 19, 2019 - 11:40 PM (IST)

ਮਿਲਾਨ (ਸਾਬੀ ਚੀਨੀਆ) – ਦੇਸ਼ ਤੋਂ ਬਾਅਦ ਵਿਦੇਸ਼ਾਂ 'ਚ ਵੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਣ ਲੱਗ ਪਈ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਰਾਜਧਾਨੀ ਰੋਮ ਦੇ ਨਾਲ ਲੱਗਦੇ ਕਸਬਾ ਲਵੀਨੀਓ 'ਚ, ਜਿੱਥੇ ਬਹੁਤ ਵੱਡੀ ਗਿਣਤੀ 'ਚ ਭਾਰਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ।
ਇਕ ਸੁੰਨੀ ਜਿਹੀ ਸੜਕ ਤੋਂ ਲੰਘਦੇ ਭਾਰਤੀ ਮੁੰਡਿਆਂ ਨੂੰ ਇਕ ਛੋਟਾ ਗੁਟਕਾ ਸਾਹਿਬ , ਗੁਰੂ ਨਾਨਕ ਦੇਵ ਜੀ, ਹਨੂਮਾਨ ਅਤੇ ਕੁਝ ਹੋਰ ਗੁਰੂਆਂ ਦੀਆਂ ਫੋਟੋਆਂ ਵੇਖਣ ਨੂੰ ਮਿਲੀਆਂ। ਜ਼ਿਕਰਯੋਗ ਹੈ ਕਿ ਇਸ ਸੁੰਨੇ ਪਏ ਰਸਤੇ 'ਤੇ ਅਕਸਰ ਲੋਕ ਕੂੜਾ ਆਦਿ ਸੁੱਟਦੇ ਰਹਿੰਦੇ ਹਨ ਪਰ ਇਸ ਘਟਨਾ ਨੇ ਇਕ ਵਾਰ ਫਿਰ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ। ਇਸ ਸਬੰਧੀ ਗੱਲਬਾਤ ਕਰਦਿਆਂ ਸਥਾਨਕ ਆਗੂਆਂ ਗੁਰਿੰਦਰ ਸਿੰਘ ਗਿੱਲ, ਅਜੀਤ ਸਿੰਘ ਥਿੰਦ ਨੇ ਦੱਸਿਆ ਕਿ ਇਹ ਮਾਮਲਾ ਪੂਰੀ ਤਰ੍ਹਾਂ ਨਿੰਦਣਯੋਗ ਹੈ ਅਤੇ ਕਿਸੇ ਭਾਰਤੀ ਨੇ ਆਪਣੇ ਘਰ ਦੀ ਸਫਾਈ ਕਰਦੇ ਸਮੇਂ ਇਸ ਨਿੰਦਣਯੋਗ ਘਟਨਾ ਨੂੰ ਅੰਜਾਮ ਦਿੱਤਾ ਹੈ ਜਾਂ ਫਿਰ ਇਹ ਵੀ ਹੋ ਸਕਦਾ ਹੈ।
ਭਾਰਤੀ ਆਪਣਾ ਕਿਰਾਏ ਵਾਲਾ ਘਰ ਬਦਲਦੇ ਸਮੇਂ ਗੁਟਕਾ ਸਾਹਿਬ ਅਤੇ ਇਨ੍ਹਾਂ ਫੋਟੋਆਂ ਨੂੰ ਉਸੇ ਘਰ ਅੰਦਰ ਛੱਡ ਗਿਆ, ਜੋ ਕਿ ਬਾਅਦ 'ਚ ਕਿਸੇ ਗੋਰੇ ਨੇ ਚੁੱਕ ਕੇ ਕੂੜੇ ਦੇ ਢੇਰ 'ਤੇ ਸੁੱਟ ਦਿੱਤੀਆਂ। ਜੋ ਵੀ ਹੋਵੇ ਇਸ ਬੇਅਦਬੀ ਲਈ ਕੋਈ ਨਾ ਕੋਈ ਭਾਰਤੀ ਹੀ ਜ਼ਿੰਮੇਵਾਰ ਹੈ। ਇਲਾਕੇ 'ਚ ਪੂਰੀ ਤਰ੍ਹਾਂ ਹਾਹਾਕਾਰ ਮਚੀ ਪਈ ਹੈ। ਸੰਗਤਾਂ ਦੋਸ਼ੀ ਨੂੰ ਲੱਭਣ 'ਚ ਜੁੱਟ ਗਈਆਂ ਹਨ।