ਸੰਸਦ ਮੈਂਬਰ ਢੇਸੀ ਦੀ ਅਗਵਾਈ ''ਚ ਲੰਡਨ-ਅੰਮ੍ਰਿਤਸਰ ਵਿਚਕਾਰ ਸਿੱਧੀਆਂ ਉਡਾਣਾਂ ਲਈ ਮੁਹਿੰਮ ਸ਼ੁਰੂ

Friday, Apr 27, 2018 - 05:18 PM (IST)

ਸੰਸਦ ਮੈਂਬਰ ਢੇਸੀ ਦੀ ਅਗਵਾਈ ''ਚ ਲੰਡਨ-ਅੰਮ੍ਰਿਤਸਰ ਵਿਚਕਾਰ ਸਿੱਧੀਆਂ ਉਡਾਣਾਂ ਲਈ ਮੁਹਿੰਮ ਸ਼ੁਰੂ

ਲੰਡਨ(ਰਾਜਵੀਰ ਸਮਰਾ)— ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਅਗਵਾਈ 'ਚ ਲੰਡਨ-ਅੰਮ੍ਰਿਤਸਰ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਪੰਜਾਬੀਆਂ ਦੀ ਮੰਗ ਨੂੰ ਅਮਲੀ ਜਾਮਾ ਪਹਿਨਾਉਣ ਲਈ ਸੇਵਾ ਟਰੱਸਟ ਯੂ.ਕੇ. ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਹਿਯੋਗ ਨਾਲ ਬਰਤਾਨੀਆ ਦੀ ਸੰਸਦ ਵਿਚ ਅੱਜ ਨਵੀਂ ਮੁਹਿੰਮ ਅਰੰਭੀ ਗਈ। ਸੰਸਦ ਮੈਂਬਰ ਢੇਸੀ ਨੇ ਕਿਹਾ ਕਿ 2016 ਵਿਚ ਲੱਗਭਗ 188,869 ਸਾਲਾਨਾ (517 ਪ੍ਰਤੀ ਦਿਨ) ਯਾਤਰੀਆਂ ਨੇ ਅੰਮ੍ਰਿਤਸਰ ਤੇ ਯੂ.ਕੇ. ਵਿਚਕਾਰ ਸਫ਼ਰ ਕੀਤਾ ਹੈ, ਜਿਸ ਕਰਕੇ ਲੰਮੇ ਸਮੇਂ ਤੋਂ ਅੰਮ੍ਰਿਤਸਰ-ਲੰਡਨ ਲਈ ਸਿੱਧੀਆਂ ਹਵਾਈ ਉਡਾਣਾਂ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਬਰਤਾਨੀਆ ਦੇ ਰਾਜਨੀਤਕ, ਸਮਾਜਿਕ ਤੇ ਧਾਰਮਿਕ ਆਗੂਆਂ ਵਲੋਂ ਵੀ ਹਮਾਇਤ ਪ੍ਰਾਪਤ ਹੈ। ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸੰਸਦ ਮੈਂਬਰ ਸੀਮਾ ਮਲਹੋਤਰਾ, ਸੰਸਦ ਮੈਂਬਰ ਮੁਹੰਮਦ ਯਾਸੀਨ, ਸੰਸਦ ਮੈਂਬਰ ਡੈਰੇਕ ਥੌਮਸ ਆਦਿ ਨੇ ਕਿਹਾ ਕਿ ਸਿੱਧੀਆਂ ਉਡਾਣਾਂ ਨਾਲ ਭਾਰਤ ਅਤੇ ਯੂ.ਕੇ. ਦੇ ਆਰਥਿਕ, ਸੈਰ ਸਪਾਟਾ ਰਿਸ਼ਤੇ ਹੋਰ ਵੀ ਮਜ਼ਬੂਤ ਹੋਣਗੇ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਢੇਸੀ ਤੇ ਦੋਵੇਂ ਸੰਸਥਾਵਾਂ ਦੀ ਇਸ ਮੁਹਿੰਮ ਲਈ ਯੂ.ਕੇ. ਤੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ।

PunjabKesari
ਭਾਜਪਾ ਓਵਰਸੀਜ਼ ਯੂ.ਕੇ. ਦੇ ਪ੍ਰਧਾਨ ਕੁਲਦੀਪ ਸ਼ੇਖਾਵਤ ਨੇ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਪਾਸਿਓਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਸੇਵਾ ਟਰੱਸਟ ਯੂ.ਕੇ. ਦੇ ਚੇਅਰਮੈਨ ਚਰਨਕੰਵਲ ਸਿੰਘ ਸੇਖੋਂ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਪੰਜਾਬ ਤੇ ਪ੍ਰਵਾਸੀਆਂ ਨੂੰ ਇਕ-ਦੂਜੇ ਦੇ ਨੇੜੇ ਲਿਆਉਣਾ ਹੈ। ਇਹ ਮੁਹਿੰਮ ਵੀ ਇਸੇ ਦਾ ਹਿੱਸਾ ਹੈ। ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮਦੀਪ ਸਿੰਘ ਗੁਮਟਾਲਾ ਨੇ ਅੰਮ੍ਰਿਤਸਰ ਤੇ ਲੰਡਨ ਦੇ ਯਾਤਰੀਆਂ ਦੇ ਅੰਕੜੇ ਤੇ ਆਰਥਿਕ ਲਾਭਾਂ ਬਾਰੇ ਖੋਜ ਤੱਥ ਪੇਸ਼ ਕੀਤੇ। ਇਸ ਮੌਕੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨਿਸ਼ਕਾਮ ਸੇਵਕ ਜਥੇ ਦਾ ਹਮਾਇਤੀ ਸੁਨੇਹਾ ਪਹੁੰਚਾਇਆ ਗਿਆ।

PunjabKesari

ਇਸ ਦੇ ਨਾਲ ਹੀ ਸ੍ਰੀ ਗੁਰੂ ਰਵਿਦਾਸ ਸਭਾ ਸਾਊਥਾਲ ਦੇ ਪ੍ਰਧਾਨ ਯੋਗਰਾਜ ਅਹੀਰ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਕਾਰੋਬਾਰੀ ਗੁਰਪ੍ਰਤਾਪ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ (ਯੂ.ਕੇ.) ਦੇ ਪ੍ਰਧਾਨ ਮਲਕੀਤ ਸਿੰਘ ਗਰੇਵਾਲ, ਬਲਜਿੰਦਰ ਸਿੰਘ ਰਾਠੌਰ, ਹਰਿਆਣਾ ਚੈਂਬਰ ਆਫ਼ ਕਮਰਸ ਵਲੋਂ ਬਿਕਰਮ ਦੂਹਨ ਤੇ ਫਲਾਈ ਪੌਪ ਦੇ ਚੇਅਰਮੈਨ ਰਿਚਰਡ ਬੇਟ ਆਦਿ ਨੇ ਮੁਹਿੰਮ ਦੀ ਹਮਾਇਤ ਕੀਤੀ। ਇਸ ਮੌਕੇ ਏਅਰ ਇੰਡੀਆ ਦੇ ਮਾਰਕੀਟਿੰਗ ਡਾਇਰੈਕਟਰ ਦੀਪਕ ਚੁਦਾਸਮਾ ਵੀ ਹਾਜ਼ਰ ਸਨ। ਭਾਰਤੀ ਹਾਈ ਕਮਿਸ਼ਨ ਦੇ ਨੁਮਾਇੰਦੇ ਮਿ: ਸ਼ਕਤ ਸੇਨ ਸ਼ਰਮਾ ਅਤੇ ਭਾਜਪਾ ਯੂ.ਕੇ. ਦੇ ਪ੍ਰਧਾਨ ਨੂੰ ਪ੍ਰਧਾਨ ਮੰਤਰੀ ਲਈ ਅਤੇ ਸੰਸਦ ਮੈਂਬਰ ਔਜਲਾ ਨੂੰ ਪੰਜਾਬ ਦੇ ਮੁੱਖ ਮੰਤਰੀ ਲਈ ਸੇਵਾ ਟਰੱਸਟ ਯੂ.ਕੇ. ਅਤੇ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਯਾਦ ਪੱਤਰ ਸੌਂਪੇ ਗਏ।

PunjabKesari


Related News