ਡੈਕਸਾਮੈਥਾਸੋਨ ਕੋਵਿਡ-19 ਦਾ ਇਲਾਜ ਨਹੀਂ ਪਰ ਇਨ੍ਹਾਂ ਮਰੀਜ਼ਾਂ ਲਈ ਬਣੀ ਵਰਦਾਨ : WHO

Thursday, Jun 18, 2020 - 08:57 AM (IST)

ਜਿਨੇਵਾ- ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਸਪੱਸ਼ਟ ਕੀਤਾ ਕਿ ਡੈਕਸਾਮੈਥਾਸੋਨ ਕੋਵਿਡ-19 ਦਾ ਇਲਾਜ ਜਾਂ ਬਚਾਅ ਨਹੀਂ ਹੈ ਅਤੇ ਇਸ ਦੀ ਵਰਤੋਂ ਡਾਕਟਰਾਂ ਦੀ ਨਿਗਰਾਨੀ ਵਿਚ ਸਿਰਫ ਬੇਹੱਦ ਗੰਭੀਰ ਮਰੀਜ਼ਾਂ 'ਤੇ ਹੀ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।

ਸੰਗਠਨ ਦੇ ਸਿਹਤ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਡਾ. ਮਾਈਕਲ ਰਿਆਨ ਨੇ ਕੋਵਿਡ-19 'ਤੇ ਨਿਯਮਤ ਪ੍ਰੈੱਸਵਾਰਤਾ ਦੌਰਾਨ ਬੁੱਧਵਾਰ ਨੂੰ ਕਿਹਾ," ਡੈਕਸਾਮੈਥਾਸੋਨ ਆਪਣੇ-ਆਪ ਵਿਚ ਵਾਇਰਸ ਦਾ ਇਲਾਜ ਨਹੀਂ ਹੈ। ਇਹ ਇਸ ਦਾ ਬਚਾਅ ਵੀ ਨਹੀਂ ਹੈ। ਸੱਚ ਤਾਂ ਇਹ ਹੈ ਕਿ ਜ਼ਿਆਦਾ ਤਾਕਤ ਵਾਲੇ ਸਟੇਰਾਇਡ ਮਨੁੱਖੀ ਸਰੀਰ ਵਿਚ ਵਾਇਰਸ ਦੀ ਗਿਣਤੀ ਤੇਜ਼ੀ ਨਾਲ ਵਧਾਉਣ ਵਿਚ ਮਦਦਗਾਰ ਹੋ ਸਕਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਇਹ ਦਵਾਈ ਸਿਰਫ ਬੇਹੱਦ ਗੰਭੀਰ ਮਰੀਜ਼ਾਂ ਨੂੰ ਹੀ ਦਿੱਤੀ ਜਾਵੇ, ਜਿਨ੍ਹਾਂ ਨੂੰ ਇਸ ਤੋਂ ਸਪੱਸ਼ਟ ਰੂਪ ਵਿਚ ਲਾਭ ਹੋ ਰਿਹਾ ਹੈ।"

ਡੈਕਸਾਮੈਥਾਸੋਨ ਇਨਫਲੇਮੇਸ਼ਨ ਦੀ ਪ੍ਰਸਿੱਧ ਦਵਾਈ ਹੈ। ਬ੍ਰਿਟੇਨ ਵਿਚ ਇਕ ਰਿਕਵਰੀ ਟਰਾਇਲ ਦੌਰਾਨ ਅਧਿਐਨਕਰਤਾਵਾਂ ਨੇ ਦੇਖਿਆ ਕਿ ਬੇਹੱਦ ਗੰਭੀਰ ਸਥਿਤੀ ਵਾਲੇ ਮਰੀਜ਼ਾਂ 'ਤੇ ਇਸ ਦਾ ਅਸਰ ਹੋ ਰਿਹਾ ਹੈ, ਜਿਨ੍ਹਾਂ ਦੇ ਫੇਫੜਿਆਂ ਵਿਚ ਇਨਫਲੇਮੇਸ਼ਨ ਹੈ ਤੇ ਉਹ ਵੈਂਟੀਲੇਟਰ 'ਤੇ ਹਨ ਪਰ ਘੱਟ ਲੱਛਣਾਂ ਵਾਲੇ ਮਰੀਜ਼ਾਂ 'ਤੇ ਇਸ ਦਾ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ। 

ਸੰਗਠਨ ਦੇ ਮਹਾਨਿਰਦੇਸ਼ਕ ਡਾ. ਤੇਦਰੋਸ ਗੇਬ੍ਰਿਏਸਸ ਨੇ ਜਾਂਚ ਦੇ ਨਤੀਜਿਆਂ ਨੂੰ ਦੇਖਦਿਆਂ ਦੱਸਿਆ ਕਿ ਸ਼ੁਰੂਆਤੀ ਨਤੀਜਿਆਂ ਮੁਤਾਬਕ ਜਿਨ੍ਹਾਂ ਮਰੀਜ਼ਾਂ ਨੂੰ ਸਿਰਫ ਆਕਸੀਜਨ 'ਤੇ ਰੱਖਿਆ ਗਿਆ ਸੀ ਉਨ੍ਹਾਂ ਦੀ ਮੌਤ ਦਰ 80 ਫੀਸਦੀ ਤੇ ਜਿਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ, ਉਨ੍ਹਾਂ ਦੀ ਮੌਤ ਦਰ ਦੋ-ਤਿਹਾਈ ਤੋਂ ਵੀ ਘੱਟ ਕਰਨ ਵਿਚ ਡੈਕਸਾਮੇਥਾਸੋਨ ਕਾਰਗਰ ਰਹੀ ਹੈ। ਹਾਲਾਂਕਿ ਹਲਕੇ ਲੱਛਣ ਵਾਲਿਆਂ 'ਤੇ ਇਸ ਦਾ ਕੋਈ ਅਸਰ ਨਹੀਂ। ਇਹ ਦਵਾਈ ਡਾਕਟਰਾਂ ਦੀ ਨਿਗਰਾਨੀ ਵਿਚ ਹੀ ਲਈ ਜਾਣੀ ਚਾਹੀਦੀ ਹੈ। ਡਾ. ਰਿਆਨ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੀਆਂ ਸਫਲਤਾਵਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਸ਼ੁਰੂਆਤੀ ਅੰਕੜੇ ਹਨ।


Lalita Mam

Content Editor

Related News