ਕੈਲੀਫੋਰਨੀਆ 'ਚ ਸਿੱਖ ਡਿਪਟੀ ਸ਼ੈਰਿਫ 'ਤੇ ਗੋਲੀਆਂ ਨਾਲ ਹਮਲਾ
Wednesday, Feb 05, 2020 - 02:16 PM (IST)

ਨਿਊਯਾਰਕ, (ਰਾਜ ਗੋਗਨਾ)— ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਸੈਂਟਾ ਕਲਾਰਾ ਕਾਉਂਟੀ ਦੇ ਇਕ ਡਿਪਟੀ ਸ਼ੈਰਿਫ ਸ. ਸੁਖਦੀਪ ਸਿੰਘ ਗਿੱਲ 'ਤੇ ਬੰਦੂਕਧਾਰੀਆਂ ਨੇ ਹਮਲਾ ਕੀਤਾ, ਜਿਸ ਦੇ ਹਮਲੇ ਤੋਂ ਉਨ੍ਹਾਂ ਦਾ ਬਚਾਅ ਰਿਹਾ। ਡਿਪਟੀ ਸੁਖਦੀਪ ਗਿੱਲ ਮੋਰਗਨ ਹਿੱਲ ਦੇ ਆਸ-ਪਾਸ ਦੇ ਖੇਤਰ ਵਿਚ ਗਸ਼ਤ ਕਰ ਰਹੇ ਸਨ ਜਦੋਂ ਅਚਾਨਕ ਉਸ ਦੀ ਗਸ਼ਤ ਵਾਲੀ ਕਾਰ ਦੇ ਬਾਹਰ ਗੋਲੀਆਂ ਚੱਲੀਆਂ।
ਡਿਪਟੀ ਸੁਖਦੀਪ 'ਤੇ 4 ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ 'ਚੋਂ 3 ਉਸ ਦੀ ਕਾਰ 'ਤੇ ਲੱਗੀਆਂ ਅਤੇ 1 ਗੋਲੀ ਉਸ ਦੇ ਛਾਤੀ 'ਤੇ ਲੱਗੇ ਬਾਡੀ ਕੈਮਰੇ 'ਚ ਲੱਗੀ ਜਿਸ ਕਰਕੇ ਗਿੱਲ ਦਾ ਬਚਾਅ ਹੋ ਗਿਆ।
ਕਾਉਂਟੀ ਸ਼ੈਰਿਫ ਦੇ ਦਫਤਰ ਦੇ ਅਧਿਕਾਰੀਆਂ ਨੇ ਡਿਪਟੀ ਸ਼ੈਰਿਫ ਸੁਖਦੀਪ ਸਿੰਘ ਗਿੱਲ ਨੂੰ ਕਿਸਮਤ ਵਾਲਾ ਕਿਹਾ ਹੈ ਕਿਉਂਕਿ ਗੋਲੀਆਂ ਉਸ ਨੂੰ ਕਿਤੇ ਵੀ ਲੱਗ ਸਕਦੀਆਂ ਸਨ।ਇਸ ਹਮਲੇ ਨੂੰ ਨਸਲੀ ਹਮਲੇ ਦੇ ਤੌਰ 'ਤੇ ਵੀ ਵੇਖਿਆ ਜਾ ਰਿਹਾ ਹੈ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਿੱਖਾਂ 'ਤੇ ਨਸਲੀ ਹਮਲੇ ਹੁੰਦੇ ਰਹੇ ਹਨ ਪਰ ਪੁਲਸ ਅਧਿਕਾਰੀ 'ਤੇ ਹਮਲਾ ਹੋਣਾ ਚਿੰਤਾ ਦਾ ਵਿਸ਼ਾ ਹੈ। ਸਤੰਬਰ ਮਹੀਨੇ ਅਮਰੀਕਾ ਦੇ ਟੈਕਸਾਸ 'ਚ ਅਮਰੀਕੀ ਸਿੱਖ ਪੁਲਸ ਅਫਸਰ ਸੰਦੀਪ ਸਿੰਘ ਧਾਲੀਵਾਲ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।