ਕਾਬੁਲ ਤੋਂ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਤੱਕ ਅਫਗਾਨ ਔਰਤਾਂ ਦਾ ਪ੍ਰਦਰਸ਼ਨ
Tuesday, Sep 28, 2021 - 11:05 AM (IST)
ਨਿਊਯਾਰਕ- ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਕਬਜ਼ੇ ਤੇ ਹਕੂਮਤ ਤੋਂ ਬਾਅਦ ਉੱਥੇ ਸਭ ਤੋਂ ਜ਼ਿਆਦਾ ਔਰਤਾਂ ਦੀ ਸਥਿਤੀ ਬਹੁਤ ਖਰਾਬ ਹੋਈ ਹੈ। ਉਨ੍ਹਾਂ ਦੀ ਸਮਾਜਿਕ ਤੇ ਆਰਥਿਕ ਹਾਲਤ 'ਚ ਬਹੁਤ ਬੁਰਾ ਬਦਲਾਅ ਆਇਆ ਹੈ। ਇਸੇ ਕਾਰਨ ਤਾਲਿਬਾਨ ਵਲੋਂ ਅਫਗਾਨਿਸਤਾਨ ਵਿਚ ਮਨੁੱਖੀ ਅਧਿਕਾਰਾਂ ਅਤੇ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਦੇ ਵਿਰੋਧ ਵਿਚ ਸੈਂਕੜੇ ਔਰਤਾਂ ਨੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ।
ਅਮਰੀਕਾ ’ਚ ਰਹਿਣ ਵਾਲੀ ਅਫਗਾਨ ਔਰਤ ਫਾਤਿਮਾ ਰਹਿਮਤੀ, ਜਿਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਵਿਚ ਭਾਗ ਲਿਆ, ਨੇ ਕਿਹਾ ਕਿ ਔਰਤਾਂ ਅੱਧੀ ਦੁਨੀਆ ਬਣਾਉਂਦੀਆਂ ਹਨ ਇਸ ਲਈ ਜਦੋਂ ਤੁਸੀਂ ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੰਦੇ ਤਾਂ ਇਸਦਾ ਨਤੀਜਾ ਭਿਆਨਕ ਹੁੰਦਾ ਹੈ। ਉਧਰ, ਕਾਬੁਲ ਵਿਚ ਵੀ ਕਈ ਔਰਤਾਂ ਨੇ ਮਹਿਲਾ ਮਾਮਲਿਆਂ ਦੀ ਮੰਤਰਾਲਾ ਦੀ ਇਮਾਰਤ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਤਾਲਿਬਾਨ ਨੇ ਮੀਡੀਆ ਨੂੰ ਵਿਰੋਧ ਪ੍ਰਦਰਸ਼ਨ ਨੂੰ ਕਵਰ ਕਰਨ ਤੋਂ ਰੋਕਿਆ।