ਸਕਾਟਲੈਂਡ: ਪੁਲਸ ਅਧਿਕਾਰੀਆਂ ''ਤੇ ਕੋਵਿਡ ਸਬੰਧਿਤ ਹਮਲਿਆਂ ਲਈ ਸਖ਼ਤ ਸਜ਼ਾਵਾਂ ਦੀ ਮੰਗ
Tuesday, Jul 06, 2021 - 05:12 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਪੁਲਸ ਵਿਭਾਗ ਨੇ ਵੀ ਸਿਹਤ ਵਿਭਾਗ ਦੀ ਤਰ੍ਹਾਂ ਸਕਾਟਲੈਂਡ ਦੇ ਲੋਕਾਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਕੇ ਸਮਾਜ ਵਿੱਚ ਤਾਲਮੇਲ ਅਤੇ ਸ਼ਾਂਤੀ ਬਣਾਈ ਰੱਖੀ ਹੈ। ਇਸਦੇ ਬਾਵਜੂਦ ਵੀ ਪੁਲਸ ਅਧਿਕਾਰੀਆਂ 'ਤੇ ਕੁਝ ਲੋਕਾਂ ਵੱਲੋਂ ਜਾਣ ਬੁੱਝ ਕੇ ਕੋਰੋਨਾ ਵਾਇਰਸ ਨਾਲ ਪੀੜਤ ਕਰਨ ਲਈ ਕੋਰੋਨਾ ਹਮਲੇ ਕੀਤੇ ਗਏ ਹਨ। ਇਸ ਤਰ੍ਹਾਂ ਦੇ ਕੋਵਿਡ-19 ਨਾਲ ਸਬੰਧਿਤ ਹਮਲਿਆਂ ਵਿੱਚ ਜਾਣ ਬੁੱਝ ਕੇ ਥੁੱਕਣ, ਖੰਘਣ ਜਾਂ ਛਿੱਕ ਆਦਿ ਮਾਰਨੀ ਸ਼ਾਮਲ ਹੈ।
ਵਿਭਾਗ ਵੱਲੋਂ ਇਸ ਤਰ੍ਹਾਂ ਦੇ ਹਮਲੇ ਕਰਨ ਵਾਲਿਆਂ ਨੂੰ ਸਖਡਤ ਸਜ਼ਾਵਾਂ ਦਿੱਤੇ ਜਾਣ ਦੀ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ। ਸਕਾਟਿਸ਼ ਪੁਲਿਸ ਫੈਡਰੇਸ਼ਨ (ਐੱਸ ਪੀ ਐੱਫ) ਨੇ ਅਜਿਹੀਆਂ ਘਟਨਾਵਾਂ ਨੂੰ ਘਿਣਾਉਣਾ ਦੱਸਿਆ ਹੈ। ਐੱਸ ਪੀ ਐੱਫ ਦੇ ਉੱਤਰੀ ਖੇਤਰ ਦੀ ਡਿਪਟੀ ਸੈਕਟਰੀ, ਕੈਰੋਲੀਨ ਮੈਕਨਹੋਟਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਰ੍ਹਾਂ ਦੇ ਹਮਲਿਆਂ ਲਈ ਦੋਸ਼ੀ ਠਹਿਰਾਏ ਗਏ ਲੋਕਾਂ ਨੂੰ ਉਹ ਸਜ਼ਾ ਨਹੀਂ ਮਿਲਦੀ ਜਿਸ ਦੇ ਉਹ ਹੱਕਦਾਰ ਹੁੰਦੇ ਹਨ। ਇਹਨਾਂ ਹਮਲਿਆਂ ਦੇ ਅੰਕੜਿਆਂ ਅਨੁਸਾਰ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਅਧਿਕਾਰੀਆਂ 'ਤੇ ਜਾਣ ਬੁੱਝ ਕੇ ਖੰਘਣ, ਛਿੱਕ ਮਾਰਨ, ਜਾਂ ਥੁੱਕਣ ਦੀਆਂ ਘੱਟੋ ਘੱਟ 13 ਘਟਨਾਵਾਂ ਵਾਪਰੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਪਾਪੂਆ ਨਿਊ ਗਿਨੀ ਨੂੰ ਵੈਕਸੀਨ ਭੇਜਣ ਉਪਰੰਤ ਆਸਟ੍ਰੇਲੀਆ 'ਤੇ ਲਾਏ ਗੰਭੀਰ ਇਲਜ਼ਾਮ
ਸਕਾਟਲੈਂਡ ਪੁਲਸ ਦੀ ਡਿਪਟੀ ਚੀਫ ਕਾਂਸਟੇਬਲ ਫਿਓਨਾ ਟੇਲਰ ਅਨੁਸਾਰ ਪੁਲਸ ਅਧਿਕਾਰੀ ਲੋਕਾਂ ਦੀ ਤਹਿ ਦਿਲੋਂ ਸਹਾਇਤਾ ਕਰਦੇ ਹਨ ਅਤੇ ਉਨ੍ਹਾਂ ਵਿਰੁੱਧ ਹਿੰਸਾ ਅਤੇ ਇਸ ਤਰ੍ਹਾਂ ਦਾ ਦੁਰਵਿਵਹਾਰ ਨਿਰਾਸ਼ਾਜਨਕ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਈ ਪੁਲਸ ਵਿਭਾਗ ਅਨੁਸਾਰ ਅਜਿਹੇ ਹਮਲਿਆਂ ਨੂੰ ਰੋਕਣ ਲਈ ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਭਾਰਤ ਤੋਂ ਇਲਾਵਾ ਇਹਨਾਂ ਦੇਸ਼ਾਂ 'ਚ ਵੀ ਬੋਲੀ ਜਾਂਦੀ ਹੈ 'ਹਿੰਦੀ'