ਕਰੀਮਾ ਬਲੂਚ ਮੌਤ ਮਾਮਲੇ ’ਚ ਅੰਤਰਰਾਸ਼ਟਰੀ ਜਾਂਚ ਦੀ ਮੰਗ
Saturday, Jan 23, 2021 - 12:39 PM (IST)
ਇਸਲਾਮਾਬਾਦ, (ਏਜੰਸੀ)- ਬਲੂਚ ਤੇ ਸਿੰਧੀ ਮਨੁੱਖੀ ਅਧਿਕਾਰ ਅਤੇ ਰਾਜਨੀਤਕ ਸੰਗਠਨਾਂ ਨੇ ਪਿਛਲੇ ਮਹੀਨੇ ਕੈਨੇਡਾ ’ਚ ਬਲੂਚ ਵਰਕਰ ਕਰੀਮਾ ਬਲੂਚ ਦੀ ਮੌਤ ਦੀ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ ਹੈ। ਯੂਰਪੀ ਸੰਸਦ ਨੂੰ ਲਿਖੇ ਪੱਤਰ ’ਚ ਬ੍ਰਿਟਿਸ਼ ਸੰਸਦ ਅਤੇ ਅਮਰੀਕੀ ਸੀਨੇਟਰ ਦੇ ਮੈਂਬਰਾਂ, ਬਲੂਚ ਅਤੇ ਸਿੰਧੀ ਸੰਗਠਨਾਂ ਨੇ ਅੰਤਰਰਾਸ਼ਟਰੀ ਜਾਂਚ ਸ਼ੁਰੂ ਕਰਨ ਲਈ ਦਬਾਅ ਪਾਉਣ ਲਈ ਕਿਹਾ ਹੈ।
ਜਾਂਚ ਦੀ ਮੰਗ ਕਰਨ ਵਾਲੇ ਸੰਗਠਨਾਂ ’ਚ ਬਲੂਚ ਮਨੁੱਖੀ ਅਧਿਕਾਰ ਪ੍ਰੀਸ਼ਦ (ਬੀ. ਐੱਚ. ਆਰ. ਸੀ.), ਬਲੋਚ ਨੈਸ਼ਨਲ ਮੂਵਮੈਂਟ (ਬੀ. ਐੱਨ. ਐੱਮ.), ਵਿਸ਼ਵ ਬਲੂਚ ਸੰਗਠਨ (ਡਬਲਿਊ. ਬੀ. ਓ.) ਅਤੇ ਵਿਸ਼ਵ ਸਿੰਧੀ ਕਾਂਗਰਸ (ਡਬਲਿਊ. ਐੱਸ. ਸੀ.) ਸ਼ਾਮਲ ਹਨ। ਇਸ ਪੱਤਰ ’ਚ ਕਿਹਾ ਗਿਆ ਹੈ ਕਿ ਬਲੂਚ ਵਰਕਰ ਪਾਕਿਸਤਾਨੀ ਰਾਜ ਦੀਆਂ ਅਣ-ਮਨੁੱਖੀ ਤੇ ਕਤਲੇਆਮ ਦੀਆਂ ਹਰਕਤਾਂ ਖ਼ਿਲਾਫ਼ ਸੀ ਤੇ ਬਲੋਚਿਸਤਾਨ ’ਚ ਪਾਕਿਸਤਾਨੀ ਫ਼ੌਜ ਵੱਲੋਂ ਕੀਤੀ ਜਾ ਰਹੀ ਅਗਵਾ ਅਤੇ ਹੱਤਿਆ ਦੀ ਨੀਤੀ ਦੇ ਵੀ ਖ਼ਿਲਾਫ਼ ਸੀ। ਰਿਪੋਰਟ ’ਚ ਇਹ ਵੀ ਕਿਹਾ ਗਿਆ ਕਿ ਉਸ ਨੂੰ ਅਣਪਛਾਤੇ ਲੋਕਾਂ ਤੋਂ ਧਮਕੀਆਂ ਵੀ ਮਿਲ ਰਹੀਆਂ ਸਨ।
ਦੱਸ ਦਈਏ ਕਿ ਕਈ ਦਿਨ ਪਹਿਲਾਂ ਲਾਪਤਾ ਹੋਣ ਦੇ ਬਾਅਦ ਕਰੀਮਾ ਬਲੂਚ ਦੀ ਲਾਸ਼ 22 ਦਸੰਬਰ, 2020 ਨੂੰ ਸ਼ੱਕੀ ਹਾਲਤ ਵਿਚ ਮਿਲੀ ਸੀ ਤੇ ਉਸ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ ਤੇ ਇਸ ਪਿੱਛੇ ਪਾਕਿਸਤਾਨੀ ਖੁਫ਼ੀਆ ਏਜੰਸੀਆਂ ਦਾ ਹੱਥ ਹੈ। ਕਰੀਮਾ ਸ਼ਰਣਾਰਥੀ ਵਜੋਂ ਕੈਨੇਡਾ ਵਿਚ ਰਹਿ ਰਹੀ ਸੀ।